ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਦੇ ਦੋ ਸਾਲਾਂ ਵਿੱਚ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਦੌਲਤ ਦੁੱਗਣੀ ਹੋ ਗਈ ਹੈ। ਸੋਮਵਾਰ ਨੂੰ ਸਾਹਮਣੇ ਆਈ ਰਿਪੋਰਟ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦੋ ਸਾਲਾਂ 'ਚ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਦੌਲਤ ਦੁੱਗਣੀ ਹੋ ਗਈ ਹੈ, ਜਦਕਿ ਦੂਜੇ ਪਾਸੇ ਦੁਨੀਆ 'ਚ ਗਰੀਬੀ ਤੇ ਅਸਮਾਨਤਾ ਹੋਰ ਵਧ ਗਈ ਹੈ।
ਆਕਸਫੈਮ ਦੀ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ 700 ਅਰਬ ਡਾਲਰ ਤੋਂ ਵਧ ਕੇ 1.5 ਟ੍ਰਿਲੀਅਨ ਡਾਲਰ ਹੋ ਗਈ ਹੈ। ਯਾਨੀ ਉਨ੍ਹਾਂ ਦੀ ਦੌਲਤ ਹਰ ਰੋਜ਼ 1.3 ਬਿਲੀਅਨ ਡਾਲਰ ਦੀ ਔਸਤ ਦਰ ਨਾਲ ਵਧੀ। ਇਹ ਰਿਪੋਰਟ ਵਿਸ਼ਵ ਆਰਥਿਕ ਫੋਰਮ ਵਿੱਚ ਕਰਵਾਏ ਵਰਚੁਅਲ ਮਿੰਨੀ-ਸਿਖਰ ਸੰਮੇਲਨ ਵਿੱਚ ਬ੍ਰੀਫਿੰਗ ਦੌਰਾਨ ਪੇਸ਼ ਕੀਤੀ ਗਈ ਸੀ।
ਰਿਪੋਰਟ ਮੁਤਾਬਕ, ਕੋਰੋਨਾ ਦੇ ਦੌਰ ਵਿੱਚ ਭਾਰਤੀ ਅਰਬਪਤੀਆਂ ਦੀ ਕੁੱਲ ਸੰਪਤੀ ਦੁੱਗਣੀ ਹੋ ਗਈ ਹੈ। ਅਰਬਪਤੀਆਂ ਦੀ ਗਿਣਤੀ ਵਿੱਚ 39 ਫੀਸਦੀ ਦਾ ਵਾਧਾ ਹੋਇਆ ਹੈ ਤੇ ਉਨ੍ਹਾਂ ਦੀ ਕੁੱਲ ਗਿਣਤੀ 142 ਹੋ ਗਈ ਹੈ। ਉਨ੍ਹਾਂ ਦੀ ਦੌਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚੋਟੀ ਦੇ 10 ਅਮੀਰਾਂ ਕੋਲ ਇੰਨੀ ਦੌਲਤ ਹੈ ਕਿ ਉਹ ਅਗਲੇ 25 ਸਾਲਾਂ ਤੱਕ ਦੇਸ਼ ਦੇ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਫੰਡ ਦੇ ਸਕਦੇ ਹਨ। ਐਤਵਾਰ ਨੂੰ ਵਿਸ਼ਵ ਆਰਥਿਕ ਫੋਰਮ 2022 ਦਾ ਪਹਿਲਾ ਦਿਨ ਹੈ। ਇਸ ਮੌਕੇ ਔਕਸਫੈਮ ਇੰਡੀਆ ਵੱਲੋਂ ਸਾਲਾਨਾ ਅਸਮਾਨਤਾ ਸਰਵੇਖਣ ਜਾਰੀ ਕੀਤਾ ਗਿਆ।
ਆਕਸਫੈਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਦੇ ਚੋਟੀ ਦੇ 10 ਫੀਸਦੀ ਅਮੀਰ ਲੋਕਾਂ 'ਤੇ 1 ਫੀਸਦੀ ਵਾਧੂ ਟੈਕਸ ਲਗਾਇਆ ਜਾਂਦਾ ਹੈ ਤਾਂ ਉਸ ਪੈਸੇ ਤੋਂ ਦੇਸ਼ ਨੂੰ 17.7 ਲੱਖ ਵਾਧੂ ਆਕਸੀਜਨ ਸਿਲੰਡਰ ਮਿਲਣਗੇ। ਇਸ ਦੇ ਨਾਲ ਹੀ ਜੇਕਰ ਦੇਸ਼ ਦੇ 98 ਅਮੀਰ ਪਰਿਵਾਰਾਂ 'ਤੇ 1 ਫੀਸਦੀ ਵਾਧੂ ਟੈਕਸ ਲਗਾਇਆ ਜਾਂਦਾ ਹੈ ਤਾਂ ਉਸ ਪੈਸੇ ਨਾਲ ਅਗਲੇ 7 ਸਾਲਾਂ ਲਈ ਆਯੁਸ਼ਮਾਨ ਭਾਰਤ ਪ੍ਰੋਗਰਾਮ ਨੂੰ ਫੰਡ ਦਿੱਤਾ ਜਾ ਸਕਦਾ ਹੈ। ਆਯੁਸ਼ਮਾਨ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਬੀਮਾ ਪ੍ਰੋਗਰਾਮ ਹੈ।
ਇਸ ਆਰਥਿਕ ਅਸਮਾਨਤਾ ਦੀ ਰਿਪੋਰਟ ਮੁਤਾਬਕ ਦੇਸ਼ ਦੇ 142 ਅਰਬਪਤੀਆਂ ਦੀ ਕੁੱਲ ਦੌਲਤ 719 ਅਰਬ ਡਾਲਰ ਯਾਨੀ 53 ਲੱਖ ਕਰੋੜ ਰੁਪਏ ਹੈ। 98 ਸਭ ਤੋਂ ਅਮੀਰ ਲੋਕਾਂ ਕੋਲ 555 ਕਰੋੜ ਗਰੀਬ ਲੋਕਾਂ ਦੇ ਬਰਾਬਰ ਦੌਲਤ ਹੈ। ਇਹ ਦੌਲਤ ਲਗਪਗ 657 ਅਰਬ ਡਾਲਰ ਯਾਨੀ 49 ਲੱਖ ਕਰੋੜ ਰੁਪਏ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin