Weather Update: ਸੰਘਣੀ ਧੁੰਦ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਤੇ ਉੱਤਰੀ ਭਾਰਤ ਦੇ ਹੋਰਨਾਂ ਹਵਾਈ ਅੱਡਿਆਂ (Airports) ਤੋਂ ਉਡਾਣਾਂ ਵਿੱਚ ਦੇਰੀ ਕਰਕੇ ਪੂਰੇ ਦੇਸ਼ ’ਚ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਰਮਿਆਨ ਸਰਕਾਰ ਨੇ  ਦਿੱਲੀ ਤੇ ਮੁੰਬਈ (Delhi and Mumbai) ਸਣੇ ਮੈਟਰੋ ਸ਼ਹਿਰਾਂ ਵਿਚਲੇ ਹੋਰਨਾਂ ਹਵਾਈ ਅੱਡਿਆਂ ’ਤੇ ‘ਵਾਰ ਰੂਮ’ ਸਥਾਪਤ ਕਰਨ ਤੇ ਜ਼ੀਰੋ ਵਿਜ਼ੀਬਿਲਟੀ ਵਿੱਚ ਜਹਾਜ਼ਾਂ ਦੀ ਲੈਂਡਿੰਗ ਲਈ ਰਨਵੇਅ ’ਤੇ ਕੈਟ-3 ਸਿਸਟਮ (CAT-3 system on the runway for aircraft landing) ਚਾਲੂ ਕਰਨ ਸਣੇ ਹੋਰ ਕਈ ਉਪਰਾਲਿਆਂ ਦਾ ਐਲਾਨ ਕੀਤਾ ਹੈ। 


ਦੱਸ ਦਈਏ ਕਿ ਉਡਾਣਾਂ ਵਿੱਚ ਦੇਰੀ ਕਰਕੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਗੁੱਸੇ ਵਿੱਚ ਭਰੇ ਪੀਤੇ ਇੱਕ ਯਾਤਰੀ ਵੱਲੋਂ ਜਹਾਜ਼ ਦੇ ਸਹਿ-ਪਾਇਲਟ ’ਤੇ ਹਮਲਾ ਤੇ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਧੇ ਜਾਣ ਦੀਆਂ ਵੀਡੀਓਜ਼ ਮਗਰੋਂ ਸਰਕਾਰ ਹਰਕਤ ਵਿੱਚ ਆ ਗਈ ਹੈ। 


 ਮੌਸਮ ਵਿਭਾਗ ਵੱਲੋਂ  ਅਗਲੇ ਪੰਜ ਦਿਨ ਸੰਘਣੀ ਧੁੰਦ ਤੇ ਠੰਢ ਪੈਣ ਦੀ ਪੇਸ਼ੀਨਗੋਈ


ਉਧਰ ਮੌਸਮ ਵਿਭਾਗ ਨੇ ਅਗਲੇ ਪੰਜ ਦਿਨ ਸੰਘਣੀ ਧੁੰਦ ਤੇ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੁੰਬਈ ਹਵਾਈ ਅੱਡੇ ’ਤੇ ਕੁਝ ਯਾਤਰੀਆਂ ਵੱਲੋਂ ਹਵਾਈ ਪੱਟੀ ’ਤੇ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਮੰਗਲਵਾਰ ਰਾਤ ਕਰੀਬ 12:30 ਵਜੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਕੀਤੀਆਂ। 


ਇੰਡੀਗੋ ਤੇ ਐਮਆਈਏਐਲ ਨੂੰ ਕਾਰਨ ਦੱਸੋ ਨੋਟਿਸ ਜਾਰੀ


ਬੈਠਕ ਤੋਂ ਫੌਰੀ ਮਗਰੋਂ ਏਵੀਏਸ਼ਨ ਨਿਗਰਾਨ ਬੀਸੀਏਐੱਸ ਨੇ ਇੰਡੀਗੋ ਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐਮਆਈਏਐਲ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇੰਡੀਗੋ ਦੀ ਉਡਾਣ 6ਈ 2195, ਜੋ ਡਾਇਵਰਟ ਕੀਤੇ ਜਾਣ ਮਗਰੋਂ ਐਤਵਾਰ ਰਾਤ 23:21 ਵਜੇ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਸੀ, ਨੂੰ ਲੈ ਕੇ ਏਅਰਲਾਈਨ ਏਵੀਏਸ਼ਨ ਸੁਰੱਖਿਆ ਪ੍ਰਕਿਰਿਆ ਦੀ ਪਾਲਣਾ ਕਰਨ ਵਿਚ ਨਾਕਾਮ ਰਹੀ। 


ਨੋਟਿਸ ਮੁਤਾਬਕ ਇੰਡੀਗੋ ਨੇ ਯਾਤਰੀਆਂ ਨੂੰ ਪਹਿਲਾਂ ਜਹਾਜ਼ ਵਿਚੋਂ ਉਤਾਰ ਕੇ ਪਾਰਕਿੰਗ ਵਾਲੀ ਥਾਂ ਖੜ੍ਹਾਇਆ ਤੇ ਮਗਰੋਂ ਉਡਾਣ 6ਈ 2091 ’ਤੇ ਚੜ੍ਹਾਇਆ ਤੇ ਇਸ ਦੌਰਾਨ ਸਕਿਓਰਿਟੀ ਸਕਰੀਨਿੰਗ ਦੇ ਅਮਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਹੀ ਨਹੀਂ ਏਅਰਲਾਈਨ ਨੇ ਇਸ ਪੂਰੀ ਘਟਨਾ ਬਾਰੇ ਬੀਸੀਏਐਸ ਨੂੰ ਵੀ ਰਿਪੋਰਟ ਨਹੀਂ ਕੀਤਾ। 


ਸੰਘਣੀ ਧੁੰਦ ਕਰਕੇ ਹਵਾਈ ਉਡਾਣਾਂ ਵਿੱਚ ਦੇਰੀ


ਸਿੰਧੀਆ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਸੰਘਣੀ ਧੁੰਦ ਕਰਕੇ ਹਵਾਈ ਉਡਾਣਾਂ ਵਿੱਚ ਦੇਰੀ ਦਰਮਿਆਨ ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੂਰੂ, ਚੇਨੱਈ ਤੇ ਕੋਲਕਾਤਾ ਦੇ ਹਵਾਈ ਅੱਡਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੀਆਂ ਘਟਨਾਵਾਂ ਬਾਰੇ ਦਿਨ ’ਚ ਤਿੰਨ ਵਾਰ ਰਿਪੋਰਟ ਦੇਣ ਅਤੇ ਹਵਾਈ ਅੱਡੇ ਤੇ ਏਅਰਲਾਈਨਾਂ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ‘ਵਾਰ ਰੂਮ’ ਸਥਾਪਤ ਕਰਨ।’’ 


ਸਿੰਧੀਆ ਨੇ ਕਿਹਾ ਕਿ ਹਵਾਈ ਅੱਡਿਆਂ ’ਤੇ ਉਚਿਤ ਸੀਆਈਐਸਐਫ ਅਮਲੇ ਦੀ 24 ਘੰਟੇ ਤਾਇਨਾਤੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿਚ ਉਨ੍ਹਾਂ ਦਾ ਸਾਥ ਦੇਣ। ਮੰਤਰੀ ਨੇ ਕਿਹਾ ਕਿ ਰਨਵੇਅ ’ਤੇ ਕੈਟ 3 ਸਿਸਟਮ ਚਾਲੂ ਕਰ ਦਿੱਤਾ ਗਿਆ ਹੈ।