ਸਿੰਗਾਪੁਰ ਅਤੇ ਹਾਂਗਕਾਂਗ 'ਚ ਭਾਰਤ ਦੀਆਂ ਕੁਝ ਮਸ਼ਹੂਰ ਮਸਾਲਾ ਕੰਪਨੀਆਂ ਦੇ ਮਸਾਲਿਆਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਇੱਕ ਭਾਰਤੀ ਮਸਾਲਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਕੇਸਰ ਦੀ ਜਿਸ ਦੀ ਪ੍ਰਚੂਨ ਕੀਮਤ 4.95 ਲੱਖ ਰੁਪਏ ਤੱਕ ਪਹੁੰਚ ਗਈ ਹੈ। ਪੱਛਮੀ ਏਸ਼ੀਆ 'ਚ ਚੱਲ ਰਹੇ ਭੂ-ਰਾਜਨੀਤਿਕ ਤਣਾਅ ਕਾਰਨ ਈਰਾਨ ਤੋਂ ਕੇਸਰ ਦੀ ਸਪਲਾਈ 'ਚ ਭਾਰੀ ਕਮੀ ਆਈ ਹੈ। ਇਸ ਕਾਰਨ ਭਾਰਤੀ ਕੇਸਰ ਉਤਪਾਦਕਾਂ ਅਤੇ ਵਪਾਰੀਆਂ ਨੂੰ ਰਾਹਤ ਮਿਲ ਰਹੀ ਹੈ। ਜੰਮੂ-ਕਸ਼ਮੀਰ ਦੇ ਕੁਝ ਖੇਤਰਾਂ ਵਿੱਚ ਕੇਸਰ ਉਗਾਇਆ ਜਾਂਦਾ ਹੈ। ਮਾਹਿਰਾਂ ਅਨੁਸਾਰ ਪਿਛਲੇ ਮਹੀਨੇ ਥੋਕ ਬਾਜ਼ਾਰ ਵਿੱਚ ਭਾਰਤੀ ਕੇਸਰ ਦੀਆਂ ਕੀਮਤਾਂ ਵਿੱਚ 20% ਤੋਂ ਵੱਧ ਅਤੇ ਪ੍ਰਚੂਨ ਦੁਕਾਨਾਂ ਵਿੱਚ ਲਗਭਗ 27% ਦਾ ਵਾਧਾ ਹੋਇਆ ਹੈ। ਕੇਸਰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚੋਂ ਇੱਕ ਹੈ।


ਮਾਹਰਾਂ ਅਨੁਸਾਰ ਸਭ ਤੋਂ ਵਧੀਆ ਗੁਣਵੱਤਾ ਵਾਲਾ ਭਾਰਤੀ ਕੇਸਰ ਥੋਕ ਬਾਜ਼ਾਰ ਵਿੱਚ 3.5-3.6 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੱਛਮੀ ਏਸ਼ੀਆ ਵਿੱਚ ਤਾਜ਼ਾ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ, ਇਸਦੀ ਕੀਮਤ 2.8-3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪ੍ਰਚੂਨ ਬਾਜ਼ਾਰ 'ਚ ਇਸ ਦੀ ਕੀਮਤ 4.95 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 72,633 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਮੁਤਾਬਕ ਇਕ ਕਿਲੋ ਕੇਸਰ ਦੀ ਕੀਮਤ ਲਗਭਗ 70 ਗ੍ਰਾਮ ਸੋਨੇ ਦੇ ਬਰਾਬਰ ਹੈ। ਈਰਾਨ ਹਰ ਸਾਲ ਲਗਭਗ 430 ਟਨ ਕੇਸਰ ਪੈਦਾ ਕਰਦਾ ਹੈ, ਜੋ ਕਿ ਵਿਸ਼ਵ ਉਤਪਾਦਨ ਦਾ 90% ਹੈ। ਕੇਸਰ ਆਪਣੇ ਖਾਸ ਸਵਾਦ ਲਈ ਜਾਣਿਆ ਜਾਂਦਾ ਹੈ। ਇਹ ਭੋਜਨ, ਸ਼ਿੰਗਾਰ ਅਤੇ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ।


ਸ਼੍ਰੀਨਗਰ 'ਚ ਅਮੀਨ-ਬਿਨ-ਖਾਲੀਕ ਕੰਪਨੀ ਦੇ ਮਾਲਕ ਨੂਰ ਉਲ ਅਮੀਨ ਬਿਨ ਖਾਲਿਕ ਨੇ ਕਿਹਾ, 'ਗਲੋਬਲ ਬਾਜ਼ਾਰਾਂ ਵਿਚ ਈਰਾਨ ਦੀ ਗੈਰ-ਮੌਜੂਦਗੀ ਨੇ ਭਾਰਤੀ ਕੇਸਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਭਾਰਤ ਈਰਾਨ ਤੋਂ ਕੇਸਰ ਵੀ ਦਰਾਮਦ ਕਰਦਾ ਹੈ। ਭੂ-ਰਾਜਨੀਤਿਕ ਤਣਾਅ ਸ਼ੁਰੂ ਹੋਣ ਤੋਂ ਬਾਅਦ ਇਹ ਵੀ ਘਟਿਆ ਹੈ। ਕੀਮਤਾਂ ਲਗਭਗ ਹਰ ਦਿਨ ਵਧ ਰਹੀਆਂ ਹਨ। ਕਸ਼ਮੀਰੀ ਕੇਸਰ ਨੂੰ ਸਭ ਤੋਂ ਵਧੀਆ ਗੁਣਵਿੱਤਾ ਵਾਲਾ ਮੰਨਿਆ ਜਾਂਦਾ ਹੈ। ਇਸਨੂੰ 2020 ਵਿੱਚ GI ਟੈਗ ਮਿਲਿਆ ਹੈ। ਹਾਲਾਂਕਿ ਸੂਬੇ 'ਚ ਇਸ ਦਾ 3 ਟਨ ਵੀ ਉਤਪਾਦਨ ਨਹੀਂ ਹੋ ਰਿਹਾ ਹੈ। ਇਹ 13 ਸਾਲ ਪਹਿਲਾਂ ਦੇ ਉਤਪਾਦਨ ਦੇ ਇੱਕ ਤਿਹਾਈ ਤੋਂ ਵੀ ਘੱਟ ਹੈ ਜਦਕਿ ਸਾਲਾਨਾ ਮੰਗ 60-65 ਟਨ ਹੈ।