Inflation in India: ਦੇਸ਼ 'ਚ ਪਿਛਲੇ ਕੁਝ ਮਹੀਨਿਆਂ ਵਿੱਚ ਮਹਿੰਗਾਈ 'ਚ ਗਿਰਾਵਟ ਆਈ ਹੈ। ਮਾਰਚ 'ਚ ਪ੍ਰਚੂਨ ਮਹਿੰਗਾਈ ਦਰ 9 ਮਹੀਨਿਆਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਸੀ। ਹਾਲਾਂਕਿ, ਪ੍ਰਚੂਨ ਮਹਿੰਗਾਈ ਦਰ ਅਜੇ ਵੀ ਰਿਜ਼ਰਵ ਬੈਂਕ ਦੇ ਟੀਚੇ ਤੋਂ ਕਾਫੀ ਉੱਪਰ ਹੈ। ਦੂਜੇ ਪਾਸੇ ਪੂਰੀ ਰਾਹਤ ਮਿਲਣ ਤੋਂ ਪਹਿਲਾਂ ਹੀ ਮਹਿੰਗਾਈ ਦੇ ਮੋਰਚੇ 'ਤੇ ਨਵਾਂ ਖਤਰਾ ਪੈਦਾ ਹੋ ਗਿਆ ਹੈ।
ਇੰਨੀਆਂ ਮਹਿੰਗੀਆਂ ਹੋ ਸਕਦੀਆਂ ਸਬਜ਼ੀਆਂ
ਬਿਜ਼ਨੈੱਸ ਲਾਈਨ ਦੀ ਇਕ ਰਿਪੋਰਟ 'ਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਪ੍ਰੈਲ ਮਹੀਨੇ 'ਚ ਮਹਿੰਗਾਈ ਦੇ ਅੰਕੜਿਆਂ 'ਚ ਕੁਝ ਵਾਧਾ ਹੋ ਸਕਦਾ ਹੈ। ਦਰਅਸਲ ਅਪ੍ਰੈਲ ਮਹੀਨੇ 'ਚ ਸਬਜ਼ੀਆਂ ਦੀ ਮਹਿੰਗਾਈ 10 ਫੀਸਦੀ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਇਸ ਦੇ ਲਈ ਆਲੂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਵਰਤੋਂ ਲਗਭਗ ਸਾਰੇ ਘਰਾਂ ਦੀ ਰਸੋਈ 'ਚ ਕੀਤੀ ਜਾਂਦੀ ਹੈ।
ਆਲੂ ਦੀਆਂ ਵਧਦੀਆਂ ਕੀਮਤਾਂ ਨੇ ਵਧਾਇਆ ਖਤਰਾ
ਪਿਛਲੇ ਇਕ ਮਹੀਨੇ 'ਚ ਆਲੂ ਦੀਆਂ ਕੀਮਤਾਂ 'ਚ 12 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲਾਨਾ ਆਧਾਰ 'ਤੇ ਕਰੀਬ 37 ਫੀਸਦੀ ਦੇ ਹਿਸਾਬ ਨਾਲ ਆਲੂ ਵਿਕ ਰਹੇ ਹਨ। ਇਸ ਨਾਲ ਮਹਿੰਗਾਈ ਵੱਧ ਸਕਦੀ ਹੈ। ਪ੍ਰਚੂਨ ਮਹਿੰਗਾਈ ਦੀ ਟੋਕਰੀ ਵਿੱਚ ਸਬਜ਼ੀਆਂ ਦਾ ਵਜ਼ਨ ਲਗਭਗ 7.5 ਫੀਸਦੀ ਹੈ। ਖੁਰਾਕੀ ਮਹਿੰਗਾਈ ਵਿੱਚ ਸਬਜ਼ੀਆਂ ਦੀ ਹਿੱਸੇਦਾਰੀ 15 ਫੀਸਦੀ ਤੋਂ ਵੱਧ ਹੈ। ਅਜਿਹੇ 'ਚ ਆਲੂਆਂ ਦੀਆਂ ਵਧਦੀਆਂ ਕੀਮਤਾਂ ਮੁਸ਼ਕਲਾਂ ਵਧਾ ਸਕਦੀਆਂ ਹਨ।
ਇਹ ਵੀ ਪੜ੍ਹੋ: Petrol-Diesel Price Today: ਹਫਤੇ ਦੀ ਸ਼ੁਰੂਆਤ 'ਚ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
ਇਦਾਂ ਮਹਿੰਗਾ ਹੋਇਆ ਆਲੂ
ਬਿਜ਼ਨਸ ਲਾਈਨ ਦੀ ਰਿਪੋਰਟ 'ਚ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਪ੍ਰਾਈਸ ਮਾਨੀਟਰਿੰਗ ਡਿਵੀਜ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਆਲੂਆਂ ਦੀ ਪ੍ਰਚੂਨ ਕੀਮਤ ਵਧ ਕੇ 28.2 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਹ ਅੰਕੜਾ 4 ਮਈ ਤੱਕ ਦਾ ਹੈ। ਇੱਕ ਮਹੀਨਾ ਪਹਿਲਾਂ ਆਲੂਆਂ ਦਾ ਪ੍ਰਚੂਨ ਭਾਅ 25.27 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਪ੍ਰਚੂਨ ਬਾਜ਼ਾਰ ਵਿੱਚ ਆਲੂ 20.60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਸਨ।
ਪਿਆਜ਼ ਅਤੇ ਟਮਾਟਰ ਨੇ ਦਿੱਤੀ ਰਾਹਤ
ਪਿਆਜ਼ ਅਤੇ ਟਮਾਟਰ ਨੇ ਕੁਝ ਰਾਹਤ ਦਿੱਤੀ ਹੈ। ਮਹੀਨਾਵਾਰ ਆਧਾਰ 'ਤੇ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 32.22 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਇੱਕ ਮਹੀਨਾ ਪਹਿਲਾਂ ਕੀਮਤਾਂ 32.53 ਰੁਪਏ ਪ੍ਰਤੀ ਕਿਲੋਗ੍ਰਾਮ ਸਨ। ਇਸੇ ਤਰ੍ਹਾਂ ਟਮਾਟਰ ਦੀ ਔਸਤ ਕੀਮਤ ਵੀ ਇੱਕ ਮਹੀਨਾ ਪਹਿਲਾਂ ਨਾਲੋਂ ਘਟੀ ਹੈ। ਹਾਲਾਂਕਿ, ਪਿਆਜ਼ ਅਤੇ ਟਮਾਟਰ ਦੋਵਾਂ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਨਾਲੋਂ ਵੱਧ ਹਨ। ਇੱਕ ਸਾਲ ਪਹਿਲਾਂ ਪਿਆਜ਼ ਦੀ ਔਸਤ ਕੀਮਤ 22.37 ਰੁਪਏ ਪ੍ਰਤੀ ਕਿਲੋ ਸੀ।