Apple Job Loss: ਨਵੇਂ ਸਾਲ (new year 2024) ਦੀ ਸ਼ੁਰੂਆਤ ਦੇ ਨਾਲ ਹੀ ਤਕਨੀਕੀ ਕੰਪਨੀਆਂ (tech companies) 'ਚ ਕੰਮ ਕਰਨ ਵਾਲੇ ਲੋਕਾਂ ਦੀਆਂ ਨੌਕਰੀਆਂ ਦਾਅ 'ਤੇ ਲੱਗ ਗਈਆਂ ਹਨ। ਗੂਗਲ (Google) ਤੋਂ ਬਾਅਦ ਹੁਣ ਐਪਲ (Apple) ਨੇ ਵੀ ਵੱਡੇ ਪੱਧਰ 'ਤੇ ਬਦਲਾਅ ਦੀ ਯੋਜਨਾ ਬਣਾਈ ਹੈ, ਜਿਸ ਦਾ ਅਸਰ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਪੈਣ ਵਾਲਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਐਪਲ ਨੇ ਸਿਰੀ ਲਈ ਕੰਮ ਕਰਨ ਵਾਲੀ AI ਟੀਮ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਇਸ 'ਚ ਕੰਮ ਕਰਦੇ ਮੁਲਾਜ਼ਮਾਂ 'ਤੇ ਛਾਂਟੀ ਦੀ ਤਲਵਾਰ ਲਟਕਣ ਲੱਗੀ ਹੈ। ਇਸ ਸਮੇਂ ਇਸ ਟੀਮ ਵਿੱਚ 121 ਕਰਮਚਾਰੀ ਕੰਮ ਕਰ ਰਹੇ ਹਨ। ਕੰਪਨੀ ਨੇ ਸੈਨ ਡਿਏਗੋ ਟੀਮ ਨੂੰ ਟੈਕਸਾਸ ਟੀਮ ਨਾਲ ਮਿਲਾਉਣ ਦਾ ਹੁਕਮ ਦਿੱਤਾ ਹੈ। 


ਐਪਲ ਨੇ ਕਰਮਚਾਰੀਆਂ ਨੂੰ ਦਿੱਤੀ ਡੈਡਲਾਈਨ 


ਸੈਨ ਡਿਏਗੋ (San Diego) ਸਥਿਤ ਏਆਈ ਟੀਮ ਨੂੰ ਬੰਦ ਕਰਨ ਦੇ ਫੈਸਲੇ ਤੋਂ ਬਾਅਦ, ਐਪਲ ਨੇ ਕਰਮਚਾਰੀਆਂ ਨੂੰ ਆਸਟਿਨ ਜਾਣ ਦਾ ਵਿਕਲਪ ਦਿੱਤਾ ਹੈ। ਜੇਕਰ ਕਰਮਚਾਰੀ ਅਜਿਹਾ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਕੰਪਨੀ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦੇਵੇਗੀ। ਇਸ ਦੇ ਲਈ ਮੁਲਾਜ਼ਮਾਂ ਨੂੰ ਫਰਵਰੀ 2024 ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਿਹੜੇ ਲੋਕ ਤਬਦੀਲ ਕਰਨ ਤੋਂ ਇਨਕਾਰ ਕਰਨਗੇ, ਉਨ੍ਹਾਂ ਨੂੰ 26 ਅਪ੍ਰੈਲ ਤੋਂ ਬਾਅਦ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਅਮਰੀਕਾ ਤੋਂ ਇਲਾਵਾ ਇਸ AI ਟੀਮ ਦੇ ਦਫਤਰ ਭਾਰਤ, ਚੀਨ, ਸਪੇਨ, ਆਇਰਲੈਂਡ ਅਤੇ ਸਪੇਨ ਵਿੱਚ ਵੀ ਮੌਜੂਦ ਹਨ।


ਐਪਲ ਨੇ ਕਹੀ ਇਹ ਗੱਲ 


ਬਲੂਮਬਰਗ ਦੀ ਰਿਪੋਰਟ ਮੁਤਾਬਕ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਪਲ ਨੇ ਕਿਹਾ ਹੈ ਕਿ ਕੰਪਨੀ ਨੇ ਡਾਟਾ ਆਪਰੇਸ਼ਨ ਟੀਮ ਨੂੰ ਰੀਲੋਕੇਸ਼ਨ ਦੀ ਜਾਣਕਾਰੀ ਦਿੱਤੀ ਹੈ। ਸਾਰੇ ਲੋਕਾਂ ਨੂੰ ਆਸਟਿਨ ਵਿੱਚ ਤਬਦੀਲ ਹੋਣ ਲਈ ਕਿਹਾ ਗਿਆ ਹੈ, ਜਿੱਥੇ ਇਸ ਟੀਮ ਦੇ ਜ਼ਿਆਦਾਤਰ ਮੈਂਬਰ ਪਹਿਲਾਂ ਹੀ ਕੰਮ ਕਰ ਰਹੇ ਹਨ। ਕੰਪਨੀ ਦੇ ਇਸ ਫੈਸਲੇ ਕਾਰਨ ਇਹ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ 'ਚ ਕਈ ਕਰਮਚਾਰੀ ਕੰਪਨੀ ਛੱਡ ਸਕਦੇ ਹਨ। ਸਤੰਬਰ 2023 ਤੱਕ, ਐਪਲ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕੁੱਲ ਗਿਣਤੀ 161,000 ਸੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਮਾੜੇ ਹਾਲਾਤਾਂ ਦੇ ਬਾਵਜੂਦ ਉਸ ਨੇ ਬਹੁਤ ਘੱਟ ਛਾਂਟੀ ਕੀਤੀ ਹੈ।


ਗੂਗਲ ਵਿੱਚ ਵੀ ਚੱਲ ਰਹੀ ਛਾਂਟੀ ਦੀ ਤਿਆਰੀ 


ਐਪਲ ਤੋਂ ਪਹਿਲਾਂ, ਗੂਗਲ ਨੇ ਵੀ ਵੱਡੇ ਪੱਧਰ 'ਤੇ ਛਾਂਟੀ ਦੀ ਯੋਜਨਾ ਬਣਾਈ ਹੈ। ਕੰਪਨੀ ਸਾਲ 2024 ਵਿੱਚ ਹਾਰਡਵੇਅਰ, ਕੋਰ ਇੰਜਨੀਅਰਿੰਗ ਅਤੇ ਗੂਗਲ ਅਸਿਸਟੈਂਟ ਟੀਮਾਂ ਵਿੱਚ ਛਾਂਟੀ ਕਰ ਰਹੀ ਹੈ। ਇਸ ਦੇ ਨਾਲ ਹੀ ਗੂਗਲ ਦੀ ਵਾਇਸ ਐਕਟੀਵੇਟਿਡ ਗੂਗਲ ਅਸਿਸਟੈਂਟ ਸਾਫਟਵੇਅਰ ਟੀਮ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।