stock Market Closing On 23 October 2023: ਅੱਜ ਦਾ ਵਪਾਰਕ ਸੈਸ਼ਨ ਭਾਰਤੀ ਸ਼ੇਅਰ ਬਾਜ਼ਾਰ ਲਈ ਕਾਲਾ ਸੋਮਵਾਰ ਸਾਬਤ ਹੋਇਆ ਹੈ। ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਵਿਕਰੀ ਕਾਰਨ ਬਾਜ਼ਾਰ 'ਚ ਵੱਡੀ ਗਿਰਾਵਟ ਆਈ ਹੈ। ਇਹ ਲਗਾਤਾਰ ਚੌਥਾ ਸੈਸ਼ਨ ਹੈ ਜਦੋਂ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੈਂਸੈਕਸ 800 ਅੰਕ, ਨਿਫਟੀ 250 ਅੰਕ ਤੋਂ ਵੱਧ ਅਤੇ ਮਿਡ ਕੈਪ ਸਟਾਕਾਂ ਦਾ ਸੂਚਕ ਅੰਕ 1,000 ਅੰਕ ਡਿੱਗ ਗਿਆ ਹੈ। ਸੈਂਸੈਕਸ 65,000 ਤੋਂ ਹੇਠਾਂ ਖਿਸਕ ਗਿਆ ਹੈ। ਸਮਾਲ ਕੈਪ ਇੰਡੈਕਸ 'ਚ 464 ਜਾਂ 3.59 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ ਸੈਂਸੈਕਸ 826 ਅੰਕਾਂ ਦੀ ਗਿਰਾਵਟ ਨਾਲ 64,572 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 261 ਅੰਕਾਂ ਦੀ ਗਿਰਾਵਟ ਨਾਲ 19,282 ਅੰਕ 'ਤੇ ਬੰਦ ਹੋਇਆ।


ਸੈਕਟਰ ਦੀ ਸਥਿਤੀ


ਅੱਜ ਦੇ ਕਾਰੋਬਾਰ 'ਚ ਸਾਰੇ ਸੈਕਟਰਾਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਆਈ.ਟੀ., ਬੈਂਕਿੰਗ, ਆਟੋ, ਫਾਰਮਾ, ਐੱਫ.ਐੱਮ.ਸੀ.ਜੀ., ਧਾਤੂ, ਮੀਡੀਆ, ਊਰਜਾ, ਇੰਫਰਾ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ, ਤੇਲ ਅਤੇ ਗੈਸ ਵਰਗੇ ਖੇਤਰਾਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਦੇ ਕਾਰੋਬਾਰ 'ਚ ਸਭ ਤੋਂ ਵੱਡੀ ਗਿਰਾਵਟ ਮਿਡ ਕੈਪ ਸ਼ੇਅਰਾਂ 'ਚ ਦੇਖਣ ਨੂੰ ਮਿਲੀ। ਨਿਫਟੀ ਮਿਡ ਕੈਪ ਇੰਡੈਕਸ 1100 ਅੰਕਾਂ ਤੋਂ ਜ਼ਿਆਦਾ ਫਿਸਲ ਗਿਆ। ਸਮਾਲ ਕੈਪ ਇੰਡੈਕਸ 'ਚ 500 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਹੈ।


ਨਿਫਟੀ 'ਚ ਸਿਰਫ 2 ਸਟਾਕ ਹੀ ਵਾਧੇ ਦੇ ਨਾਲ ਬੰਦ ਹੋਏ


ਅੱਜ ਦੇ ਕਾਰੋਬਾਰ 'ਚ 3990 ਸ਼ੇਅਰਾਂ 'ਚੋਂ 3188 ਸਟਾਕ ਗਿਰਾਵਟ ਨਾਲ ਬੰਦ ਹੋਏ। ਜਦਕਿ 644 ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ। 158 ਸ਼ੇਅਰਾਂ ਦੇ ਰੇਟਾਂ 'ਚ ਕੋਈ ਬਦਲਾਅ ਨਹੀਂ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 4 ਵਾਧੇ ਦੇ ਨਾਲ ਬੰਦ ਹੋਏ ਜਦਕਿ 26 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 2 ਸਟਾਕ ਵਾਧੇ ਦੇ ਨਾਲ ਬੰਦ ਹੋਏ ਜਦਕਿ 48 ਘਾਟੇ ਨਾਲ ਬੰਦ ਹੋਏ।


ਵਧਦੇ ਅਤੇ ਡਿੱਗਦੇ ਸ਼ੇਅਰ


ਅੱਜ ਦੇ ਕਾਰੋਬਾਰ 'ਚ ICICI ਬੈਂਕ 1.04 ਫੀਸਦੀ, ਬਜਾਜ ਫਾਈਨਾਂਸ 0.36 ਫੀਸਦੀ, ਮਹਿੰਦਰਾ ਐਂਡ ਮਹਿੰਦਰਾ 0.35 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦੋਂ ਕਿ ਟਾਟਾ ਸਟੀਲ 2.52 ਫੀਸਦੀ, ਟੀਸੀਐਸ 2.44 ਫੀਸਦੀ, ਟਾਟਾ ਮੋਟਰਜ਼ 2.32 ਫੀਸਦੀ, ਵਿਪਰੋ 2.27 ਫੀਸਦੀ, ਐਚਸੀਐਲ ਟੈਕ 2.20 ਫੀਸਦੀ, ਐਨਟੀਪੀਸੀ 1.87 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।



ਨਿਵੇਸ਼ਕਾਂ ਨੂੰ 8 ਲੱਖ ਕਰੋੜ ਰੁਪਏ ਦਾ ਨੁਕਸਾਨ 


ਅੱਜ ਦੇ ਵਪਾਰ ਵਿੱਚ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਬੀਐਸਈ ਦਾ ਮਾਰਕੀਟ ਕੈਪ 311.30 ਲੱਖ ਕਰੋੜ ਰੁਪਏ 'ਤੇ ਆਇਆ ਜੋ ਪਿਛਲੇ ਵਪਾਰ ਵਿੱਚ 318.89 ਲੱਖ ਕਰੋੜ ਰੁਪਏ ਸੀ। ਭਾਵ ਅੱਜ ਦੇ ਵਪਾਰ ਵਿੱਚ ਨਿਵੇਸ਼ਕਾਂ ਨੂੰ 7.60 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।