ਕਈ ਲੋਕ ਬਹੁਤ ਸਾਰੇ ਬੱਚਤ ਖਾਤੇ (ਸੇਵਿੰਗਜ਼ ਅਕਾਊਂਟ) ਰੱਖਦੇ ਹਨ। ਕੁਝ ਲੋਕ ਸੋਚ-ਸਮਝ ਕੇ ਇੰਝ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਪੈਸਿਆਂ ਨੂੰ ਵੱਖੋ-ਵੱਖਰੇ ਖਾਤਿਆਂ ਵਿੱਚ ਰੱਖਣਾ ਫ਼ਾਇਦੇਮੰਦ ਤੇ ਸਹੂਲਤਾਂ ਭਰਿਆ ਹੈ ਪਰ ਬਹੁਤ ਸਾਰੇ ਲੋਕਾਂ ਦੇ ਬੱਚਤ ਖਾਤਿਆਂ ਦੀ ਗਿਣਤੀ ਵਧਣ ਦੇ ਕੁਝ ਵੱਖਰੇ ਕਾਰਣ ਵੀ ਹੁੰਦੇ ਹਨ; ਜਿਵੇਂ ਵਾਰ-ਵਾਰ ਨੌਕਰੀ ਬਦਲਣਾ, ਰੋਜ਼ਗਾਰ ਲਈ ਇੱਕ ਤੋਂ ਦੂਜੇ ਸ਼ਹਿਰ ਜਾ ਕੇ ਵੱਸਣਾ, ਕਾਰੋਬਾਰੀ ਜ਼ਰੂਰਤਾਂ ਆਦਿ।


ਜੇ ਤੁਹਾਡੇ ਕਈ ਬੱਚਤ ਖਾਤੇ ਹਨ ਤੇ ਤੁਸੀਂ ਸਿਰਫ਼ ਇੱਕੋ ਹੀ ਵਰਤਦੇ ਹੋ, ਤਾਂ ਬਾਕੀ ਖਾਤੇ ਬੰਦ ਕਰਵਾ ਦੇਣਾ ਹੀ ਵਧੀਆ ਫ਼ੈਸਲਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਵੱਧ ਬੱਚਤ ਖਾਤੇ ਰੱਖਣ ਦੇ ਕੁਝ ਨੁਕਸਾਨਾਂ ਬਾਰੇ ਦੱਸਾਂਗੇ ਪਰ ਪਹਿਲਾਂ ਫ਼ਾਇਦਿਆਂ ਦੀ ਗੱਲ ਕਰਦੇ ਹਾਂ।


ਜ਼ਿਆਦਾ ਬੱਚਤ ਖਾਤੇ ਹੋਣ ਦੇ ਫ਼ਾਇਦੇ



  • ਜੇ ਤੁਹਾਡੇ ਕਈ ਬੱਚਤ ਖਾਤੇ ਹਨ, ਤਾਂ ਤੁਸੀਂ ਏਟੀਐੱਮ ਰਾਹੀਂ ਵਧੇਰੇ ਰਕਮ ਕਢਵਾ ਸਕਦੇ ਹੋ। ਕਈ ਚੈੱਕ ਬੁੱਕਸ ਤੇ ਕ੍ਰੈਡਿਟ ਕਾਰਡ ਰੱਖ ਸਕਦੇ ਹੋ।

  • ਜ਼ਿਆਦਾ ਬੱਚਤ ਖਾਤੇ ਰੱਖਣ ਦਾ ਇਹ ਵੀ ਇੱਕ ਵੱਡਾ ਕਾਰਣ ਹੈ ਕਿ ਕਿਸੇ ਬੈਂਕ ਦੇ ਦੀਵਾਲੀਆ ਹੋਣ ’ਤੇ ਉਸ ਵਿੱਚ ਜਮ੍ਹਾ 5 ਲੱਖ ਰੁਪਏ ਤੱਕ ਦਾ ਹੀ ਡਿਪਾਜ਼ਿਟ ਵਾਪਸ ਮਿਲਣ ਦੀ ਗਰੰਟੀ ਹੁੰਦੀ ਹੈ। ਇਹੋ ਕਾਰਨ ਹੈ ਕਿ ਲੋਕ ਜ਼ਿਆਦਾ ਬੱਚਤ ਖਾਤੇ ਰੱਖਦੇ ਹਨ ਤੇ ਉਨ੍ਹਾਂ ਵਿੱਚ ਘੱਟ ਰਕਮ ਰੱਖਦੇ ਹਨ।


ਵੱਧ ਬੱਚਤ ਖਾਤੇ ਹੋਣ ਦੇ ਨੁਕਸਾਨ


ਘੱਟੋ-ਘੱਟ ਬੈਲੰਸ ਰੱਖਣ ਦੀ ਸ਼ਰਤ: ਇਹ ਨਿਯਮ ਸਾਰੇ ਬੈਂਕਾਂ ਦੇ ਬੱਚਤ ਖਾਤਿਆਂ ਉੱਤੇ ਲਾਗੂ ਹੈ ਕਿ ਤੁਹਾਨੂੰ ਹਰੇਕ ਖਾਤੇ ਵਿੱਚ ਘੱਟੋ-ਘੱਟ ਮਾਸਿਕ ਔਸਤ ਬੈਲੰਸ ਰੱਖਣਾ ਪੈਂਦਾ ਹੈ। ਜੇ ਤੁਹਾਡੇ ਕੋਲ ਕਈ ਬੱਚਤ ਖਾਤੇ ਹਨ ਤੇ ਵਰਤੋਂ ਤੁਸੀਂ ਸਿਰਫ਼ ਇੱਕ ਜਾਂ ਦੋ ਦੀ ਹੀ ਕਰ ਰਹੇ ਹੋ, ਤਾਂ ਵੀ ਬਾਕੀ ਖਾਤਿਆਂ ਵਿੱਚ ਤੁਹਾਨੁੰ ਇੱਕ ਨਿਸ਼ਚਤ ਰਕਮ ਰੱਖਣੀ ਹੀ ਹੋਵੇਗੀ।


ਜੁਰਮਾਨਾ ਦੇਣਾ ਹੋਵੇਗਾ: ਗਾਹਕ ਜੇ ਬੱਚਤ ਖਾਤੇ ਵਿੱਚ ਘੱਟੋ-ਘੱਟ ਬੈਲੰਸ ਵੀ ਨਹੀਂ ਰੱਖ ਸਕਦੇ, ਤਾਂ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਜੁਰਮਾਨਾ ਦੇਣਾ ਹੋਵੇਗਾ।


ਡੌਰਮੈਂਟ ਖਾਤਾ: ਬੈਂਕ ਖਾਤੇ ਵਿੱਚ ਮਿਨੀਮਮ ਬੈਲੈਂਸ ਰੱਖੇ ਹੋਣ ’ਤੇ ਵੀ ਉਸ ਵਿੱਚੋਂ ਟ੍ਰਾਂਜ਼ੈਕਸ਼ਨ ਹੁੰਦੀ ਰਹਿਣੀ ਚਾਹੀਦੀਹੈ। ਜੇ ਖਾਤੇ ’ਚ ਇੱਕ ਲੰਮੇ ਸਮੇਂ ਤੋਂ ਟ੍ਰਾਂਜ਼ੈਕਸ਼ਨ ਨਹੀਂ ਹੋਈ, ਤਾਂ ਅਕਾਊਂਟ ਡੌਰਮੈਂਟ ਹੋ ਜਾਂਦਾ ਹੈ। ਡੌਰਮੈਂਟ ਅਕਾਊਂਟ ਮੁੜ ਐਕਟਿਵ ਕਰਨ ਲਈ ਇੱਕ ਪੂਰੀ ਪ੍ਰਕਿਰਿਆ ਨੂੰ ਫ਼ੌਲੋ ਕਰਨਾ ਹੁੰਦਾ ਹੈ।


ਮੇਂਟੀਨੈਂਸ ਫ਼ੀਸ ਤੇ ਸਰਵਿਸ ਚਾਰਜ: ਬੈਂਕ ਖਾਤਿਆਂ ਲਈ ਇੱਕ ਸਾਲਾਨਾ ਮੇਂਟੀਨੈਂਸ ਫ਼ੀਸ ਤੇ ਸਰਵਿਸ ਸਚਾਰਜ ਵਸੂਲ ਕੀਤਾ ਜਾਂਦਾ ਹੈ। ਇਹ ਨਿਯਮ ਸਾਰੇ ਬੈਂਕਾਂ ਵਿੱਚ ਲਾਗੂ ਹੈ। ਤੁਸੀਂ ਭਾਵੇਂ ਖਾਤਾ ਵਰਤੋਂ ਚਾਹੇ ਨਾ, ਤੁਹਾਨੂੰ ਆਪਣੇ ਹਰੇਕ ਖਾਤੇ ਲਈ ਡੇਬਿਟ ਜਾਂ ਏਟੀਐੱਮ ਕਾਰਡ ਦੀ ਫ਼ੀਸ ਅਦਾ ਕਰਨੀ ਪੈਂਦੀ ਹੈ।


ਆਮਦਨ ਟੈਕਸ ਰਿਟਰਨ ਵੇਲੇ ਔਕੜ: ਆਮਦ ਟੈਕਸ ਰਿਟਰਨ ਭਰਦੇ ਸਮੇਂ ਤੁਹਾਨੂੰ ਸਾਰੇ ਖਾਤਿਆਂ ਦਾ ਵੇਰਵਾ ਦੇਣਾ ਪੈਂਦਾ ਹੈ। ਸਾਰੇ ਖਾਤਿਆਂ ਨਾਲ ਜੁੜੀ ਜਾਣਕਾਰੀ; ਜਿਵੇਂ ਕਿ ਬੈਂਕ ਸਟੇਟਮੈਂਟ ਦੇਣੀ ਪੈਂਦੀ ਹੈ; ਜੋ ਕਾਫ਼ੀ ਪ੍ਰੇਸ਼ਾਨੀ ਵਾਲਾ ਕੰਮ ਹੈ। ਜੇ ਗ਼ਲਤੀ ਨਾਲ ਕਿਸੇ ਖਾਤੇ ਦੀ ਡੀਟੇਨ ਰਹਿ ਗਈ, ਤਾਂ ਪ੍ਰੇਸ਼ਾਨੀ ਹੋਰ ਵਧ ਸਕਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904