ਨਵੀਂ ਦਿੱਲੀ : ਰੇਲ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਭਾਰਤੀ ਰੇਲਵੇ (Indian Railways) ਨੇ ਵੱਡਾ ਫੈਸਲਾ ਲੈਂਦਿਆਂ ਇੱਕ ਵਾਰ ਫਿਰ ਪੈਸੰਜਰ ਅਤੇ ਮੇਲ ਐਕਸਪ੍ਰੈੱਸ ਟਰੇਨਾਂ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ। ਦਰਅਸਲ, ਇਸ ਹਫ਼ਤੇ ਤੋਂ ਉਹ ਸਾਰੀਆਂ ਟਰੇਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਜੋ ਕੋਰੋਨਾ ਦੇ ਦੌਰ ਦੌਰਾਨ ਬੰਦ ਸਨ। ਕਰੀਬ 500 ਬੰਦ ਪੈਸੰਜਰ ਟਰੇਨਾਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ 100 ਦੇ ਕਰੀਬ ਮੇਲ ਐਕਸਪ੍ਰੈਸ ਟਰੇਨਾਂ ਵੀ ਟਰੈਕ 'ਤੇ ਚੱਲਣੀਆਂ ਸ਼ੁਰੂ ਹੋ ਜਾਣਗੀਆਂ।
ਕੋਵਿਡ ਕਾਰਨ ਕਈ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਹਨ
ਦੱਸ ਦੇਈਏ ਕਿ ਕੋਰੋਨਾ ਦੇ ਦੌਰ ਤੋਂ ਪਹਿਲਾਂ ਲਗਭਗ 2800 ਪੈਸੇਂਜਰ ਟਰੇਨਾਂ ਚੱਲਦੀਆਂ ਸਨ, ਜਦੋਂ ਕਿ ਹੁਣ 2300 ਯਾਤਰੀ ਟਰੇਨਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਹੁਣ 1770 ਮੇਲ ਐਕਸਪ੍ਰੈਸ ਟਰੇਨਾਂ ਚੱਲ ਰਹੀਆਂ ਹਨ ਅਤੇ ਇੱਕ ਹਫ਼ਤੇ ਵਿੱਚ 1900 ਤੋਂ ਵੱਧ ਮੇਲ ਐਕਸਪ੍ਰੈਸ ਟਰੇਨਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।
ਰੇਲਵੇ ਵੰਦੇ ਭਾਰਤ ਟਰੇਨ ਦਾ ਨਵਾਂ ਸੰਸਕਰਣ ਕਰੇਗਾ ਲਾਂਚ
ਦੂਜੇ ਪਾਸੇ ਭਾਰਤੀ ਰੇਲਵੇ ਵੰਦੇ ਭਾਰਤ ਟਰੇਨ ਦਾ ਨਵਾਂ ਸੰਸਕਰਣ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਦੇਸ਼ ਦੀ ਤੀਜੀ ਅਜਿਹੀ ਰੇਲਗੱਡੀ ਹੋਵੇਗੀ ਅਤੇ ਇਸ ਨੂੰ 12 ਅਗਸਤ ਨੂੰ ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ (ICF) ਤੋਂ ਟੈਸਟਿੰਗ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਨਵੰਬਰ ਤੋਂ ਦੱਖਣੀ ਭਾਰਤ 'ਚ ਇਸ ਰੇਲਗੱਡੀ ਦੇ ਵਿਸ਼ੇਸ਼ ਰੂਟ 'ਤੇ ਚੱਲਣ ਦੀ ਸੰਭਾਵਨਾ ਹੈ। ਰੇਲਵੇ ਸੂਤਰਾਂ ਮੁਤਾਬਕ ਸੈਮੀ-ਹਾਈ ਸਪੀਡ (160-200 ਕਿਲੋਮੀਟਰ ਪ੍ਰਤੀ ਘੰਟਾ) ਵੰਦੇ ਭਾਰਤ ਦਾ ਟ੍ਰਾਇਲ 15 ਅਗਸਤ ਤੋਂ ਪਹਿਲਾਂ ਸ਼ੁਰੂ ਕੀਤਾ ਜਾਵੇਗਾ।
ਰੇਲਵੇ ਗੂਗਲ ਮੈਪ ਦੀ ਮਦਦ ਨਾਲ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਕਰੇਗਾ ਅਲਾਟ
ਰੇਲਵੇ ਪਹਿਲੀ ਵਾਰ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਪ੍ਰੀਖਿਆ ਕੇਂਦਰ ਅਲਾਟ ਕਰਨ ਲਈ Google ਨਕਸ਼ੇ ਦੀ ਵਰਤੋਂ ਕਰੇਗਾ। ਇਸ ਪ੍ਰਕਿਰਿਆ ਦਾ ਉਦੇਸ਼ ਉਮੀਦਵਾਰਾਂ ਦੁਆਰਾ ਯਾਤਰਾ 'ਤੇ ਬਿਤਾਏ ਗਏ ਸਮੇਂ ਨੂੰ ਘਟਾਉਣਾ ਹੈ। ਦਹਾਕਿਆਂ ਤੋਂ ਆਰਆਰਬੀ ਪ੍ਰੀਖਿਆਵਾਂ ਦੇਣ ਵਾਲੇ ਉਮੀਦਵਾਰ ਇਹ ਸ਼ਿਕਾਇਤ ਕਰਦੇ ਆ ਰਹੇ ਹਨ ਕਿ ਪ੍ਰੀਖਿਆ ਕੇਂਦਰ ਉਨ੍ਹਾਂ ਦੀ ਰਿਹਾਇਸ਼ ਤੋਂ ਦੂਰ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਨਾ ਸਿਰਫ਼ ਲੰਬੀ ਦੂਰੀ ਦਾ ਸਫ਼ਰ ਕਰਨਾ ਪੈਂਦਾ ਹੈ, ਸਗੋਂ ਰਿਹਾਇਸ਼ ਅਤੇ ਖਾਣ-ਪੀਣ 'ਤੇ ਵੀ ਵਾਧੂ ਪੈਸੇ ਖਰਚਣੇ ਪੈਂਦੇ ਹਨ।