PM Kisan 12th Installment Latest Update: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ 12ਵੀਂ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸਕੀਮ 'ਚ ਬੇਨਿਯਮੀਆਂ ਨੂੰ ਰੋਕਣ ਲਈ ਸਰਕਾਰ ਨੇ ਈ-ਕੇਵਾਈਸੀ ਦੀ ਮਿਤੀ 31 ਅਗਸਤ ਤੱਕ ਵਧਾ ਦਿੱਤੀ ਹੈ। ਮੋਦੀ ਸਰਕਾਰ ਦੀ ਸਖ਼ਤੀ ਕਾਰਨ ਪਿਛਲੀਆਂ 2 ਕਿਸ਼ਤਾਂ ਲੈਣ ਵਾਲੇ ਕਿਸਾਨਾਂ ਦੀ ਗਿਣਤੀ 'ਚ ਕਮੀ ਆਈ ਹੈ। ਅਗਸਤ-ਨਵੰਬਰ 2021-22 ਲਈ 2000-2000 ਰੁਪਏ ਦੀ ਕਿਸ਼ਤ ਕੁੱਲ 11 ਕਰੋੜ 19 ਲੱਖ 25 ਹਜ਼ਾਰ 347 ਕਿਸਾਨਾਂ ਦੇ ਅਕਾਊਂਟਾਂ 'ਚ ਪਹੁੰਚ ਗਈ ਸੀ। ਉਦੋਂ ਤੋਂ ਇਸ 'ਚ ਲਗਾਤਾਰ ਗਿਰਾਵਟ ਆ ਰਹੀ ਹੈ। 12ਵੀਂ ਕਿਸ਼ਤ ਆਉਣ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ 15 ਸਤੰਬਰ ਤੋਂ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਆਉਣ ਦੀ ਪੂਰੀ ਸੰਭਾਵਨਾ ਹੈ।
ਪਿੰਡ-ਪਿੰਡ ਲਾਭਪਾਤਰੀ ਤਸਦੀਕ ਅਤੇ ਈ-ਕੇਵਾਈਸੀ ਕਾਰਨ ਦਸੰਬਰ-ਮਾਰਚ 2021-22 'ਚ ਕਿਸ਼ਤਾਂ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਘਟ ਕੇ 11 ਕਰੋੜ 14 ਲੱਖ 92 ਹਜ਼ਾਰ 273 ਰਹਿ ਗਈ ਹੈ। ਇਸ ਦੇ ਨਾਲ ਹੀ 11ਵੀਂ ਕਿਸ਼ਤ ਯਾਨੀ ਅਪ੍ਰੈਲ-ਜੁਲਾਈ 2022-23 'ਚ ਇਹ ਘਟ ਕੇ 10 ਕਰੋੜ 92 ਲੱਖ 23 ਹਜ਼ਾਰ 183 'ਤੇ ਆ ਗਿਆ। ਜਦਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ 'ਚ ਰਜਿਸਟਰਡ ਕਿਸਾਨਾਂ ਦੀ ਗਿਣਤੀ 12 ਕਰੋੜ ਤੋਂ ਵੱਧ ਹੈ।
ਕੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ?
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨ ਪਰਿਵਾਰਾਂ ਲਈ ਹੈ। ਪਰਿਵਾਰ ਦਾ ਅਰਥ ਹੈ ਪਤੀ-ਪਤਨੀ ਅਤੇ 2 ਨਾਬਾਲਗ ਬੱਚੇ। ਯੋਜਨਾ ਦੇ ਨਿਯਮਾਂ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਦਾ ਪੈਸਾ ਕਿਸਾਨ ਪਰਿਵਾਰ ਨੂੰ ਮਿਲਦਾ ਹੈ, ਮਤਲਬ ਪਰਿਵਾਰ ਦੇ ਕਿਸੇ ਇੱਕ ਮੈਂਬਰ ਦੇ ਅਕਾਊਂਟ 'ਚ 6000 ਰੁਪਏ ਸਾਲਾਨਾ 2000-2000 ਦੀਆਂ ਤਿੰਨ ਕਿਸ਼ਤਾਂ 'ਚ ਸਿੱਧੇ ਬੈਂਕ ਖਾਤੇ 'ਚ ਆਉਂਦੇ ਹਨ।
ਪੈਸੇ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ
APR-JUL 2022-23 : 10,92,23,183
DEC-MAR 2021-22 : 11,14,92,273
AUG-NOV 2021-22 : 11,19,25,347
APR-JUL 2021-22 : 11,16,34,143
DEC-MAR 2020-21 : 10,23,52,565
AUG-NOV 2020-21 : 10,23,45,734
APR-JUL 2020-21 : 10,49,33,403
DEC-MAR 2019-20 : 8,96,27,174
AUG-NOV 2019-20 : 8,76,29,582
APR-JUL 2019-20 : 6,63,57,773
APR-JUL 2018-19 : 3,16,13,733
ਕੀ ਪਤੀ-ਪਤਨੀ ਦੋਵੇਂ ਯੋਜਨਾ ਦਾ ਲੈ ਸਕਦੇ ਹਨ ਲਾਭ?
ਅਕਸਰ ਸਵਾਲ ਉੱਠਦਾ ਹੈ ਕਿ ਕੀ ਪਤੀ-ਪਤਨੀ ਦੋਵੇਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਸਕਦੇ ਹਨ? ਤਾਂ ਇਸ ਦਾ ਜਵਾਬ ਨਹੀਂ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਸਰਕਾਰ ਉਸ ਤੋਂ ਵਸੂਲੀ ਕਰੇਗੀ।
ਟੈਕਸ ਦੇਣ ਵਾਲੇ ਵੀ ਲਾਭ ਨਹੀਂ ਲੈ ਸਕਦੇ
ਇਸ ਤੋਂ ਇਲਾਵਾ ਜੇਕਰ ਕਿਸਾਨ ਪਰਿਵਾਰ 'ਚ ਕੋਈ ਟੈਕਸ ਅਦਾ ਕਰਦਾ ਹੈ ਤਾਂ ਉਸ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਮਤਲਬ ਜੇਕਰ ਪਤੀ-ਪਤਨੀ ਵਿੱਚੋਂ ਕਿਸੇ ਨੇ ਵੀ ਪਿਛਲੇ ਸਾਲ ਇਨਕਮ ਟੈਕਸ ਅਦਾ ਕੀਤਾ ਹੈ ਤਾਂ ਉਸ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਇੱਥੋਂ ਤੱਕ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਦੇ ਪੈਸੇ ਵੀ ਨਹੀਂ ਮਿਲਣ।
ਜੇਕਰ ਕੋਈ ਖੇਤੀਬਾੜੀ ਵਾਲੀ ਜ਼ਮੀਨ ਦਾ ਮਾਲਕ ਹੈ, ਪਰ ਉਹ ਸਰਕਾਰੀ ਕਰਮਚਾਰੀ ਹੈ ਜਾਂ ਸੇਵਾਮੁਕਤ ਹੈ, ਮੌਜੂਦਾ ਜਾਂ ਸਾਬਕਾ ਸੰਸਦ ਮੈਂਬਰ, ਵਿਧਾਇਕ, ਮੰਤਰੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਨਹੀਂ ਲੈ ਸਕਦਾ ਹੈ।
ਪ੍ਰੋਫੈਸ਼ਨਲ ਰਜਿਸਟਰਡ ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਅਯੋਗ ਲੋਕਾਂ ਦੀ ਸੂਚੀ 'ਚ ਆਉਂਦੇ ਹਨ।
ਕਿਸਾਨ ਹੋਣ ਦੇ ਬਾਵਜੂਦ ਜੇਕਰ ਤੁਹਾਨੂੰ ਪ੍ਰਤੀ ਮਹੀਨਾ 10000 ਰੁਪਏ ਤੋਂ ਵੱਧ ਦੀ ਪੈਨਸ਼ਨ ਮਿਲਦੀ ਹੈ ਤਾਂ ਤੁਸੀਂ ਇਸ ਸਕੀਮ ਦੇ ਲਾਭਪਾਤਰੀ ਨਹੀਂ ਹੋ ਸਕਦੇ। ਇਨਕਮ ਟੈਕਸ ਅਦਾ ਕਰਨ ਵਾਲੇ ਪਰਿਵਾਰਾਂ ਨੂੰ ਵੀ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
ਜਿਹੜੇ ਲੋਕ ਖੇਤੀਬਾੜੀ ਦੇ ਕੰਮ ਦੀ ਬਜਾਏ ਖੇਤੀ ਵਾਲੀ ਜ਼ਮੀਨ ਨੂੰ ਹੋਰ ਕੰਮਾਂ ਲਈ ਵਰਤ ਰਹੇ ਹਨ ਜਾਂ ਦੂਜਿਆਂ ਦੇ ਖੇਤਾਂ 'ਤੇ ਖੇਤੀ ਦਾ ਕੰਮ ਕਰਦੇ ਹਨ, ਪਰ ਖੇਤ ਦੇ ਮਾਲਕ ਨਹੀਂ ਹਨ। ਅਜਿਹੇ ਕਿਸਾਨ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।
ਜੇਕਰ ਕੋਈ ਕਿਸਾਨ ਖੇਤੀ ਕਰ ਰਿਹਾ ਹੈ, ਪਰ ਖੇਤ ਉਸ ਦੇ ਨਾਂਅ 'ਤੇ ਨਹੀਂ ਹੈ, ਤਾਂ ਉਸ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਭਾਵੇਂ ਖੇਤ ਉਸ ਦੇ ਪਿਤਾ ਜਾਂ ਦਾਦਾ ਦੇ ਨਾਂ 'ਤੇ ਹੋਵੇ, ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ।
ਆਪਣੇ ਪਿੰਡ ਦੀ ਨਵੀਂ ਲਿਸਟ ਇਸ ਤਰ੍ਹਾਂ ਦੇਖੋ
ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਪੋਰਟਲ https://pmkisan.gov.in/ 'ਤੇ ਜਾਓ। ਹੋਮ ਪੇਜ 'ਤੇ ਮੀਨੂ ਬਾਰ 'ਤੇ ਜਾਓ ਅਤੇ 'ਫਾਰਮਰ ਕਾਰਨਰ' 'ਤੇ ਜਾਓ। ਇੱਥੇ ਲਾਭਪਾਤਰੀ ਸੂਚੀ 'ਤੇ ਕਲਿੱਕ/ਟੈਪ ਕਰੋ।
ਇੱਥੇ ਤੁਸੀਂ ਸਟੇਟ 'ਚ ਡ੍ਰੌਪ-ਡਾਊਨ ਮੀਨੂ ਵਿੱਚੋਂ ਆਪਣਾ ਸੂਬਾ ਚੁਣੋ। ਇਸ ਤੋਂ ਬਾਅਦ ਦੂਜੇ ਟੈਬ 'ਚ ਜ਼ਿਲ੍ਹਾ, ਤੀਜੇ 'ਚ ਤਹਿਸੀਲ ਜਾਂ ਉਪ ਜ਼ਿਲ੍ਹਾ, ਚੌਥੇ 'ਚ ਬਲਾਕ ਅਤੇ ਪੰਜਵੇਂ 'ਚ ਆਪਣੇ ਪਿੰਡ ਦਾ ਨਾਮ ਚੁਣੋ। ਇਸ ਤੋਂ ਬਾਅਦ ਜਿਵੇਂ ਹੀ ਤੁਸੀਂ Get Report 'ਤੇ ਕਲਿੱਕ ਕਰੋਗੇ, ਪੂਰੇ ਪਿੰਡ ਦੀ ਸੂਚੀ ਤੁਹਾਡੇ ਸਾਹਮਣੇ ਆ ਜਾਵੇਗੀ।