ਨਵੀਂ ਦਿੱਲੀ : ਅੱਜ ਲਗਾਤਾਰ ਨੌਵਾਂ ਦਿਨ ਹੈ ,ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। 6 ਅਪ੍ਰੈਲ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। 6 ਅਪ੍ਰੈਲ ਨੂੰ ਪੈਟਰੋਲ ਦੀ ਕੀਮਤ 'ਚ 80 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 'ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੱਖ -ਵੱਖ ਸੂਬਿਆਂ ਵਿਚ ਵੈਟ ਦੇ ਕਾਰਨ ਵੱਖ-ਵੱਖ ਹੁੰਦੀ ਹੈ।

 

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਕਾਰਨ ਕਰੀਬ ਸਾਢੇ ਚਾਰ ਮਹੀਨਿਆਂ (4 ਨਵੰਬਰ 2021 ਤੋਂ 21 ਮਾਰਚ 2022) ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ। 10 ਮਾਰਚ ਨੂੰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਸ ਤੋਂ ਬਾਅਦ 22 ਮਾਰਚ ਤੋਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ।

 

ਦਿੱਲੀ 'ਚ ਪੈਟਰੋਲ ਦੀ ਕੀਮਤ 105.41 ਰੁਪਏ, ਮੁੰਬਈ 'ਚ 120.51 ਰੁਪਏ, ਕੋਲਕਾਤਾ 'ਚ 115.12 ਰੁਪਏ ਅਤੇ ਚੇਨਈ 'ਚ 110.85 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ ਦਿੱਲੀ ਵਿੱਚ 96.67 ਰੁਪਏ, ਮੁੰਬਈ ਵਿੱਚ 104.77 ਰੁਪਏ, ਕੋਲਕਾਤਾ ਵਿੱਚ 99.83 ਰੁਪਏ ਅਤੇ ਚੇਨਈ ਵਿੱਚ 100.94 ਰੁਪਏ ਪ੍ਰਤੀ ਲੀਟਰ ਹੈ। ਨੋਇਡਾ 'ਚ ਪੈਟਰੋਲ ਦੀ ਕੀਮਤ 105.41 ਰੁਪਏ ਅਤੇ ਡੀਜ਼ਲ ਦੀ ਕੀਮਤ 96.97 ਰੁਪਏ ਪ੍ਰਤੀ ਲੀਟਰ ਹੈ। ਪਿਛਲੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਤੇ ਦਬਾਅ ਬਣਿਆ ਹੋਇਆ ਹੈ। ਇਸ ਸਮੇਂ ਇਹ $105 ਦੇ ਨੇੜੇ ਹੈ। ਕੱਚੇ ਤੇਲ ਵਿੱਚ ਨਰਮੀ ਭਾਰਤ ਲਈ ਵੱਡੀ ਰਾਹਤ ਹੈ ਕਿਉਂਕਿ ਅਸੀਂ ਤੇਲ ਦੀ ਲੋੜ ਦਾ 85 ਫੀਸਦੀ ਦਰਾਮਦ ਕਰਦੇ ਹਾਂ।

 

ਕੱਚੇ ਤੇਲ ਦੀ ਕੀਮਤ 'ਤੇ ਨਿਰਭਰ ਕਰਦੀ ਹੈ ਪੈਟਰੋਲ ਅਤੇ ਡੀਜ਼ਲ ਦੀ ਕੀਮਤ
  


ਕੱਚੇ ਤੇਲ ਦੀ ਮਹਿੰਗਾਈ ਕਾਰਨ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2022-23 ਲਈ ਮਹਿੰਗਾਈ ਦਰ ਦਾ ਅਨੁਮਾਨ 4.5 ਫੀਸਦੀ ਤੋਂ ਵਧਾ ਕੇ 5.7 ਫੀਸਦੀ ਕਰ ਦਿੱਤਾ ਹੈ। ਇਸ ਵਿੱਤੀ ਸਾਲ ਲਈ ਕੱਚੇ ਤੇਲ ਦੀ ਔਸਤ ਕੀਮਤ 100 ਡਾਲਰ ਪ੍ਰਤੀ ਬੈਰਲ ਰੱਖੀ ਗਈ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਜੇਕਰ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਬਣੀ ਰਹਿੰਦੀ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਔਸਤਨ 9-12 ਰੁਪਏ ਦਾ ਵਾਧਾ ਹੋਵੇਗਾ। ਜੇਕਰ ਕੱਚਾ ਤੇਲ 110-120 ਡਾਲਰ ਦੇ ਵਿਚਕਾਰ ਰਹਿੰਦਾ ਹੈ ਤਾਂ 15-20 ਰੁਪਏ ਦਾ ਵਾਧਾ ਕਰਨਾ ਹੋਵੇਗਾ।

 

 10 ਰੁਪਏ ਪਹਿਲਾਂ ਹੀ ਮਹਿੰਗਾ ਹੋ ਚੁੱਕਾ ਪੈਟਰੋਲ     


ਕੋਟਕ ਸਕਿਓਰਿਟੀਜ਼ ਮੁਤਾਬਕ ਜੇਕਰ ਕੱਚਾ ਤੇਲ 100-120 ਡਾਲਰ ਦੇ ਵਿਚਕਾਰ ਰਹਿੰਦਾ ਹੈ ਤਾਂ ਪੈਟਰੋਲ ਦੀ ਕੀਮਤ 10.6-22.3 ਰੁਪਏ ਤੱਕ ਵਧ ਸਕਦੀ ਹੈ। ਡੀਜ਼ਲ ਦੀ ਕੀਮਤ 'ਚ 13-24.9 ਰੁਪਏ ਦਾ ਵਾਧਾ ਹੋਵੇਗਾ। 22 ਮਾਰਚ ਤੋਂ ਪੈਟਰੋਲ ਦਾ ਰੇਟ 10 ਰੁਪਏ ਪ੍ਰਤੀ ਲੀਟਰ ਵਧਿਆ ਹੈ।