Crude Oil Prices : ਕੱਚੇ ਤੇਲ ਦੀਆਂ ਕੀਮਤਾਂ ਅੱਜ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ ਹਨ, ਜੋ ਕਿ ਭਾਰਤ ਦੀਆਂ ਪੈਟਰੋਲੀਅਮ ਕੰਪਨੀਆਂ ਲਈ ਰਾਹਤ ਦੀ ਖ਼ਬਰ ਹੈ। ਅੱਜ ਸਵੇਰੇ 7.15 ਵਜੇ ਨਾਈਮੈਕਸ 'ਤੇ ਕੱਚਾ ਤੇਲ 0.59 ਡਾਲਰ ਪ੍ਰਤੀ ਬੈਰਲ ਦੇ ਵਾਧੇ ਤੋਂ ਬਾਅਦ 97.24 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 0.74 ਫੀਸਦੀ ਦੇ ਵਾਧੇ ਨਾਲ 100.65 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।



ਕੱਲ੍ਹ ਗਿਰੇ ਕੱਚੇ ਤੇਲ ਦੇ ਰੇਟ
ਲਗਾਤਾਰ ਦੋ ਹਫ਼ਤਿਆਂ ਤੱਕ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਗਲੋਬਲ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ 99.84 ਡਾਲਰ ਪ੍ਰਤੀ ਬੈਰਲ 'ਤੇ ਆ ਗਈਆਂ। ਇਸ ਨਾਲ ਰਿਟੇਲ ਤੇਲ ਕੰਪਨੀਆਂ 'ਤੇ ਮਾਰਜਿਨ ਦਾ ਦਬਾਅ ਘੱਟ ਹੋਇਆ ਹੈ। ਕੱਚੇ ਮਾਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ। ਮੰਗਲਵਾਰ ਨੂੰ ਬ੍ਰੈਂਟ ਕਰੂਡ ਸੱਤ ਫੀਸਦੀ ਡਿੱਗ ਗਿਆ। ਇਸ ਤੋਂ ਪਹਿਲਾਂ 28 ਫਰਵਰੀ ਨੂੰ ਇਹ 100 ਡਾਲਰ ਪ੍ਰਤੀ ਬੈਰਲ ਅਤੇ 7 ਮਾਰਚ ਨੂੰ 14 ਸਾਲ ਦੇ ਉੱਚ ਪੱਧਰ 139 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਸੀ।

ਚੀਨ ਤੋਂ ਕੱਚੇ ਤੇਲ ਦੀ ਮੰਗ ਘਟਣ ਕਾਰਨ ਕੀਮਤਾਂ 'ਤੇ ਮਾੜਾ ਅਸਰ  
ਚੀਨ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨਾਲ ਬਾਜ਼ਾਰ ਪ੍ਰਭਾਵਿਤ ਹੋਇਆ ਹੈ। ਚੀਨ ਕੱਚੇ ਤੇਲ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ, ਇਸ ਲਈ ਮੰਗ 'ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਯੂਕਰੇਨ ਅਤੇ ਰੂਸ ਵਿਚਾਲੇ ਜੰਗਬੰਦੀ 'ਤੇ ਗੱਲਬਾਤ 'ਚ ਵੀ ਪ੍ਰਗਤੀ ਦੇ ਸੰਕੇਤ ਮਿਲ ਰਹੇ ਹਨ।  ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਭਾਰਤ ਲਈ ਚੰਗੀ ਖ਼ਬਰ ਹੈ ਕਿਉਂਕਿ ਇਸ ਨਾਲ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਦਰਾਮਦਕਾਰ ਦਾ ਆਯਾਤ ਬਿੱਲ ਘੱਟ ਹੋਵੇਗਾ। ਉਦਯੋਗ ਦੇ ਸੂਤਰਾਂ ਮੁਤਾਬਕ ਇਸ ਨਾਲ ਜਨਤਕ ਖੇਤਰ ਦੀਆਂ ਖੁਦਰਾ ਤੇਲ ਕੰਪਨੀਆਂ 'ਤੇ ਦਬਾਅ ਵੀ ਘੱਟ ਹੋਵੇਗਾ।

ਪੈਟਰੋਲੀਅਮ ਕੰਪਨੀਆਂ ਲਈ ਚੰਗਾ ਸੰਕੇਤ
ਇਹ ਖਦਸ਼ਾ ਸੀ ਕਿ ਪਿਛਲੇ ਹਫ਼ਤੇ ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਕੰਪਨੀਆਂ ਈਂਧਨ ਦੀਆਂ ਕੀਮਤਾਂ ਵਧਾ ਸਕਦੀਆਂ ਹਨ ਪਰ ਉਨ੍ਹਾਂ ਨੇ ਕੀਮਤ ਬਰਕਰਾਰ ਰੱਖੀ ਅਤੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਵਿੱਚ ਵਿਰੋਧੀ ਪਾਰਟੀਆਂ ਨੂੰ ਸਰਕਾਰ ਨੂੰ ਘੇਰਨ ਦਾ ਮੌਕਾ ਨਹੀਂ ਦਿੱਤਾ।

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ''ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਪੈਟਰੋਲੀਅਮ ਕੰਪਨੀਆਂ ਲਈ ਯਕੀਨੀ ਤੌਰ 'ਤੇ ਚੰਗਾ ਸੰਕੇਤ ਹੈ। ਉਨ੍ਹਾਂ ਨੂੰ ਮਾਰਕੀਟਿੰਗ ਮਾਰਜਿਨ ਨੂੰ ਦੇਖਦੇ ਹੋਏ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਪ੍ਰਤੀ ਲੀਟਰ 12-13 ਰੁਪਏ ਦਾ ਨੁਕਸਾਨ ਹੋ ਰਿਹਾ ਸੀ।