Petrol Diesel Price: ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਜਨਤਾ ਨੂੰ ਮਹਿੰਗਾਈ ਦਾ ਮੁੜ ਵੱਡਾ ਝਟਕਾ ਲੱਗ ਸਕਦਾ ਹੈ। ਸਰਕਾਰ ਇਸ ਵੇਲੇ ਚੋਣਾਂ ਕਰਕੇ ਪੈਟਰੋਲ-ਡੀਜ਼ਲ ਦੀ ਕੀਮਤ ਨਹੀਂ ਵਧਾ ਰਹੀ ਪਰ ਚੋਣਾਂ ਮਗਰੋਂ ਤੇਲ ਮਹਿੰਗੇ ਹੋਣੇ ਯਕੀਨੀ ਹਨ। ਇਸ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੈ। ਰੂਸ ਤੇ ਯੂਕਰੇਨ ਦੀ ਜੰਗ ਕਰਕੇ ਤੇਲ ਦੀਆਂ ਕੀਮਤਾਂ ਆਸਮਾਨੀ ਚੜ੍ਹ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦਾ ਕੱਚੇ ਤੇਲ ਦੀ ਦਰਾਮਦ ਦਾ ਬਿੱਲ ਚਾਲੂ ਵਿੱਤੀ ਵਰ੍ਹੇ 2021-22 ’ਚ ਸੌ ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ। ਇਹ ਪਿਛਲੇ ਸਾਲ ਕੱਚੇ ਤੇਲ ਦੀ ਦਰਾਮਦ ’ਤੇ ਹੋਏ ਖਰਚੇ ਦਾ ਤਕਰੀਬਨ ਦੁੱਗਣਾ ਹੋਵੇਗਾ। ਇਸ ਦਾ ਕਾਰਨ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਸੱਤ ਸਾਲ ਤੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣਾ ਹੈ।

ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੇ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਵਰ੍ਹੇ 2021-22 ਦੇ ਪਹਿਲੇ 10 ਮਹੀਨੇ (ਅਪਰੈਲ-ਜਨਵਰੀ) ’ਚ ਭਾਰਤ ਨੇ ਕੱਚੇ ਤੇਲ ਦੀ ਦਰਾਮਦ ’ਤੇ 94.3 ਅਰਬ ਡਾਲਰ ਖਰਚੇ ਹਨ। ਤੇਲ ਕੀਮਤਾਂ ਵਧਣ ਮਗਰੋਂ ਇਕੱਲੇ ਜਨਵਰੀ ’ਚ 11.6 ਅਰਬ ਡਾਲਰ ਕੱਚੇ ਤੇਲ ਦੀ ਦਰਾਮਦ ’ਤੇ ਖਰਚੇ ਗਏ। ਪਿਛਲੇ ਸਾਲ ਜਨਵਰੀ ’ਚ ਇਹ ਰਾਸ਼ੀ 7.7 ਅਰਬ ਡਾਲਰ ਸੀ। ਫਰਵਰੀ ’ਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਪਾਰ ਕਰ ਗਈਆਂ ਹਨ। ਅਜਿਹੇ ’ਚ ਅਨੁਮਾਨ ਹੈ ਕਿ ਚਾਲੂ ਵਿੱਤੀ ਵਰ੍ਹੇ ਦੇ ਅੰਤ ਤੱਕ ਭਾਰਤ ਦਾ ਤੇਲ ਦਰਾਮਦ ਬਿੱਲ ਪਿਛਲੇ ਸਾਲ ਨਾਲੋਂ ਦੁੱਗਣਾ ਹੋ ਕੇ 110 ਤੋਂ 115 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।

ਵਿੱਤੀ ਵਰ੍ਹੇ 2021-22 ਦੇ ਪਹਿਲੇ 10 ਮਹੀਨੇ ਅਪਰੈਲ-ਜਨਵਰੀ ’ਚ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ 3.36 ਕਰੋੜ ਟਨ ਜਾਂ 19.9 ਅਰਬ ਡਾਲਰ ਰਹੀ। ਦੂਜੇ ਪਾਸੇ 33.4 ਅਰਬ ਡਾਲਰ ਦੇ 5.11 ਕਰੋੜ ਟਨ ਪੈਟਰੋਲੀਅਮ ਉਤਪਾਦ ਬਰਾਮਦ ਕੀਤੇ ਗਏ ਹਨ। ਭਾਰਤ ਨੇ ਪਿਛਲੇ ਵਿੱਤੀ ਵਰ੍ਹੇ 2020-21 ’ਚ 19.65 ਕਰੋੜ ਟਨ ਕੱਚੇ ਤੇਲ ਦੀ ਦਰਾਮਦ ’ਤੇ 62.2 ਅਰਬ ਡਾਲਰ ਖਰਚੇ ਸਨ। ਉਸ ਸਮੇਂ ਕੋਵਿਡ-19 ਮਹਾਮਾਰੀ ਕਾਰਨ ਆਲਮੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਈਆਂ ਸਨ।

ਚਾਲੂ ਵਿੱਤੀ ਵਰ੍ਹੇ ’ਚ ਭਾਰਤ ਪਹਿਲਾਂ ਹੀ 17.59 ਕਰੋੜ ਟਨ ਕੱਚੇ ਤੇਲ ਦੀ ਦਰਾਮਦ ਕਰ ਚੁੱਕਾ ਹੈ। ਮਹਾਮਾਰੀ ਤੋਂ ਪਹਿਲਾਂ ਵਿੱਤੀ ਵਰ੍ਹੇ 2019-20 ਦੌਰਾਨ ਭਾਰਤ ਨੇ 22.7 ਕਰੋੜ ਟਨ ਕੱਚੇ ਤੇਲ ਦੀ ਦਰਾਮਦ ਕਰਕੇ 101.4 ਅਰਬ ਡਾਲਰ ਖਰਚੇ ਸਨ। ਦੂਜੇ ਪਾਸੇ ਘਰੇਲੂ ਉਤਪਾਦਨ ਘਟਣ ਕਾਰਨ ਭਾਰਤ ਦੀ ਦਰਾਮਦ ਦੀ ਲੋੜ ਵਧੀ ਹੈ। 2019-20 ’ਚ ਦੇਸ਼ ਅੰਦਰ ਕੱਚੇ ਤੇਲ ਦਾ ਉਤਪਾਦਨ 3.05 ਕਰੋੜ ਟਨ ਸੀ ਜੋ ਅਗਲੇ ਸਾਲ ਘੱਟ ਕੇ 2.91 ਕਰੋੜ ਟਨ ਰਹਿ ਗਿਆ। ਚਾਲੂ ਵਿੱਤੀ ਵਰ੍ਹੇ ਦੇ ਪਹਿਲੇ 10 ਮਹੀਨੇ ਅੰਦਰ ਇਹ ਉਤਪਾਦਨ 2.38 ਕਰੋੜ ਟਨ ਰਿਹਾ ਹੈ।

ਦੱਸ ਦਈਏ ਕਿ ਭਾਰਤ ਆਪਣੇ ਕੱਚੇ ਦੀ 85 ਫੀਸਦ ਲੋੜ ਦਰਾਮਦ ਤੋਂ ਪੂਰੀ ਕਰਦਾ ਹੈ। ਦਰਾਮਦ ਕੀਤੇ ਗਏ ਕੱਚੇ ਤੇਲ ਨੂੰ ਤੇਲ ਰਿਫਾਈਨਰੀਆਂ ’ਚ ਵਾਹਨਾਂ ਤੇ ਹੋਰ ਵਰਤੋਂ ਲਈ ਪੈਟਰੋਲ ਤੇ ਡੀਜ਼ਲ ਅਤੇ ਹੋਰ ਉਤਪਾਦਾਂ ’ਚ ਤਬਦੀਲ ਕੀਤਾ ਜਾਂਦਾ ਹੈ। ਭਾਰਤ ਕੋਲ ਵਾਧੂ ਸੋਧ ਸਮਰੱਥਾ ਹੈ ਤੇ ਇਹ ਕੁਝ ਪੈਟਰੋਲੀਅਮ ਉਤਪਾਦ ਬਰਾਮਦ ਕਰਦਾ ਹੈ ਪਰ ਰਸੋਈ ਗੈਸ ਦੀ ਉਤਪਾਦਨ ਇੱਥੇ ਘੱਟ ਹੈ ਜੋ ਸਾਊਦੀ ਅਰਬ ਵਰਗੇ ਮੁਲਕਾਂ ਤੋਂ ਦਰਾਮਦ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: ਜੰਗ ਵਿਚਾਲੇ ਰੂਸ ਅਤੇ ਅਮਰੀਕਾ ਨੇ ਕੀਤਾ ਪਰਮਾਣੂ ਬਲਾਂ ਨੂੰ ਅਲਰਟ, NATO ਅਤੇ ਯੂਰਪੀਅਨ ਦੇਸ਼ ਬੋਲੇ- ਪਰਮਾਣੂ ਬੰਬਾਂ ਨਾਨ ਧਮਕਾ ਰਿਹਾ ਰੂਸ