Plastic Ban : ਦੇਸ਼ 'ਚ ਅੱਜ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ (Ban on single use plastic) 'ਤੇ ਪਾਬੰਦੀ ਲੱਗ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ (SUP) ਨਾਲ ਸਬੰਧਤ 19 ਉਤਪਾਦਾਂ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ। ਇਹ ਉਤਪਾਦ ਇੱਕ ਵਾਰ ਵਰਤੋਂ ਤੋਂ ਬਾਅਦ ਸੁੱਟ ਦਿੱਤੇ ਜਾਂਦੇ ਹਨ। ਵਾਤਾਵਰਣ ਵਿਗਿਆਨੀਆਂ ਦੇ ਅਨੁਸਾਰ ਭਾਰਤ ਲਈ ਇਸ ਸਮੇਂ ਸਿੰਗਲ ਯੂਜ਼ ਪਲਾਸਟਿਕ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ। ਇਹ ਧਰਤੀ ਨੂੰ ਹਜ਼ਾਰਾਂ ਸਾਲਾਂ ਤੱਕ ਵੀ ਪ੍ਰਦੂਸ਼ਿਤ ਕਰ ਸਕਦਾ ਹੈ।
ਸਰਕਾਰ ਇਸ ਵਾਰ ਬਹੁਤ ਸਖ਼ਤ ਮੂਡ 'ਚ ਨਜ਼ਰ ਆ ਰਹੀ ਹੈ। ਵਿਭਾਗ ਨੇ ਪਲਾਸਟਿਕ ਬੈਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨਿਰਮਾਤਾਵਾਂ, ਸਪਲਾਇਰਾਂ, ਡਿਸਟ੍ਰੀਬਿਊਟਰਾਂ ਤੇ ਰਿਟੇਲਰਸ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਸ ਦੇ ਲਈ ਸਾਰੀਆਂ ਸਬੰਧਤ ਧਿਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿੰਗਲ ਯੂਜ਼ ਪਲਾਸਟਿਕ (Single Use Plastic) ਤੋਂ ਬਣੇ ਉਤਪਾਦਾਂ 'ਤੇ 1 ਜੁਲਾਈ ਤੋਂ ਪਾਬੰਦੀ ਲੱਗ ਗਈ ਹੈ। ਇਨ੍ਹਾਂ ਵਸਤਾਂ 'ਚ ਪਲਾਸਟਿਕ ਦੀਆਂ ਸਟ੍ਰਾ ਵੀ ਸ਼ਾਮਲ ਹਨ। ਅਮੂਲ ਨੂੰ ਹਰ ਰੋਜ਼ 10-12 ਲੱਖ ਸਟ੍ਰਾ ਦੀ ਲੋੜ ਹੁੰਦੀ ਹੈ। ਅਜਿਹੇ 'ਚ ਇਹ ਪਾਬੰਦੀ ਇਨ੍ਹਾਂ ਕੰਪਨੀਆਂ ਲਈ ਵੀ ਮੁਸ਼ਕਲਾਂ ਲਿਆ ਰਹੀ ਹੈ।
ਲੋਕਾਂ ਨੂੰ ਚੁਕਾਉਣੀ ਹੋਵੇਗੀ ਕੀਮਤ
ਵਪਾਰੀਆਂ ਦਾ ਮੰਨਣਾ ਹੈ ਕਿ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਵਾਤਾਵਰਣ ਲਈ ਚੰਗਾ ਕਦਮ ਹੈ ਪਰ ਇਸ ਦਾ ਖਮਿਆਜ਼ਾ ਆਮ ਖਪਤਕਾਰਾਂ ਨੂੰ ਭੁਗਤਣਾ ਪਵੇਗਾ। ਅੱਜਕੱਲ੍ਹ ਸਟੀਲ, ਗਲਾਸ, ਸਿਰੇਮਿਕ, ਬਾਂਸ ਨੂੰ ਬਦਲ ਵਜੋਂ ਅਪਣਾਇਆ ਜਾ ਰਿਹਾ ਹੈ। ਮੌਜੂਦਾ ਸਮੇਂ 'ਚ ਜੇਕਰ ਬਾਜ਼ਾਰ 'ਚ ਸਿੰਗਲ ਯੂਜ਼ ਪਲਾਸਟਿਕ ਦੇ ਆਪਸ਼ਨਾਂ ਦੀ ਗੱਲ ਕਰੀਏ ਤਾਂ ਲੰਗਰ ਜਾਂ ਫੈਮਿਲੀ ਫੰਕਸ਼ਨ 'ਚ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਪਲੇਟਾਂ ਦੇ 50 ਸੈੱਟ 80 ਤੋਂ 100 ਰੁਪਏ 'ਚ ਮਿਲਦੇ ਹਨ, ਪਰ ਹਾਰਡ ਕਾਗਜ ਦੀਆਂ 25 ਪਲੇਟਾਂ ਦੇ ਇੱਕ ਸੈੱਟ ਦੀ ਕੀਮਤ 250 ਰੁਪਏ ਹੈ। ਇਸ ਤੋਂ ਇਲਾਵਾ ਗੁਬਾਰਿਆਂ ਲਈ ਫਿਲਹਾਲ ਕੋਈ ਆਪਸ਼ਨ ਨਹੀਂ ਹੈ।
ਸਭ ਤੋਂ ਵੱਡੀ ਮੁਸ਼ਕਲ ਸਟ੍ਰਾ 'ਤੇ
ਅਸੀਂ ਜਿਨ੍ਹਾਂ ਉਤਪਾਦਾਂ ਦਾ ਜ਼ਿਕਰ ਕੀਤਾ ਹੈ, ਉਹ ਆਮ ਤੌਰ 'ਤੇ ਛੋਟੇ ਕਾਰੋਬਾਰੀਆਂ ਵੱਲੋਂ ਵਰਤੇ ਜਾਂਦੇ ਹਨ। ਪਰ ਇਸ ਸਮੇਂ ਸਭ ਤੋਂ ਵੱਧ ਸਮੱਸਿਆ ਪੇਪਰ ਸਟ੍ਰਾ ਨੂੰ ਲੈ ਕੇ ਹੋ ਰਹੀ ਹੈ। ਸਿੰਗਲ-ਯੂਜ਼ ਪਲਾਸਟਿਕ ਬੈਨ 'ਚ ਫਰੂਟੀ ਵਰਗੇ ਪ੍ਰੋਡਕਟਸ ਦੇ ਨਾਲ ਆਉਣ ਵਾਲੀ ਸਟ੍ਰਾ ਵੀ ਸ਼ਾਮਲ ਹੈ। ਇਸ ਨਾਲ ਸਬੰਧਤ ਉਤਪਾਦਾਂ 'ਚ ਪੈਪਸੀ ਦਾ ਟ੍ਰੋਪਿਕਾਨਾ, ਡਾਬਰ ਦਾ ਰੀਅਲ ਜੂਸ, ਕੋਕਾ-ਕੋਲਾ ਦਾ ਮਾਜ਼ਾ ਅਤੇ ਪਾਰਲੇ ਐਗਰੋ ਦੀ ਫਰੂਟੀ ਸ਼ਾਮਲ ਹਨ। ਉਨ੍ਹਾਂ ਨੂੰ ਆਪਣੇ ਸਸਤੇ ਪ੍ਰਸਿੱਧ ਪੈਕ ਦੀ ਕੀਮਤ ਵਧਾਉਣੀ ਪਵੇਗੀ। ਜੇਕਰ ਪਲਾਸਟਿਕ ਦੇ ਸਟ੍ਰਾ 'ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਕੰਪਨੀਆਂ 10 ਰੁਪਏ ਦਾ ਪੈਕਟ ਨਹੀਂ ਵੇਚ ਸਕਣਗੀਆਂ। ਮਤਲਬ ਮਹਿੰਗਾਈ ਦੀ ਸੱਟ ਲੋਕਾਂ ਦੇ ਸਿਰ 'ਤੇ ਹੀ ਵੱਜੇਗੀ।
ਕਿੰਨੀ ਵੱਡੀ ਹੈ ਸਮੱਸਿਆ?
ਸਿੰਗਲ ਯੂਜ਼ ਪਲਾਸਟਿਕ ਵੇਸਟ ਉਸ ਨੂੰ ਕਿਹਾ ਜਾਂਦਾ ਹੈ, ਜਿਸ ਦੀ ਦੁਬਾਰਾ ਵਰਤੋਂ ਕਰਨਾ ਵਿਵਹਾਰਕ ਨਹੀਂ ਹੈ। ਇਹ ਕੂੜਾ ਲੈਂਡਫਿਲ ਸਾਈਟਾਂ 'ਤੇ ਹੀ ਰਹਿ ਜਾਂਦਾ ਹੈ। ਸਰਵੇਖਣ 'ਚ ਇਹ ਵੀ ਪਾਇਆ ਗਿਆ ਕਿ ਰੀਸਾਈਕਲਿੰਗ ਪਲਾਂਟ ਦਵਾਈਆਂ ਅਤੇ ਬਿਸਕੁਟਾਂ ਦੀ ਪੈਕਿੰਗ ਲਈ ਪਾਊਚ ਅਤੇ ਟ੍ਰੇਅ ਲੈਣ ਲਈ ਤਿਆਰ ਨਹੀਂ ਹੁੰਦੇ। ਸਟਡੀ 'ਚ ਪਾਇਆ ਗਿਆ ਹੈ ਕਿ ਦਿੱਲੀ 'ਚ ਸਿੰਗਲ ਯੂਜ਼ ਪਲਾਸਟਿਕ ਵੇਸਟ 'ਚ ਸ਼ੈਂਪੂ, ਬਾਡੀ ਵਾਸ਼, ਪੈਨ, ਬੋਤਲਾਂ, ਟਿਊਬਾਂ ਆਦਿ ਦੀ ਮਾਤਰਾ ਸਭ ਤੋਂ ਜ਼ਿਆਦਾ ਹੈ। ਇਹ ਪਲਾਸਟਿਕ ਲੈਂਡਫਿਲ ਸਾਈਟ ਦੀ ਮਿੱਟੀ, ਪਾਣੀ ਆਦਿ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।