Ujjwala Yojana 2.0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹੋਬਾ ਜ਼ਿਲ੍ਹੇ ਤੋਂ 'ਪ੍ਰਧਾਨ ਮੰਤਰੀ ਉਜਵਲਾ ਯੋਜਨਾ' ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ। ਮੋਦੀ ਅੱਜ 12.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਮਹੋਬਾ ਵਿੱਚ ਲਾਭਪਾਤਰੀਆਂ ਨੂੰ ਐਲਪੀਜੀ ਕੁਨੈਕਸ਼ਨ ਸੌਂਪਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮਹੋਬਾ ਵਿੱਚ ਕਰਵਾਏ ਦਾ ਰਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ ਤੇ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ।

ਮੋਦੀ ਉਜਵਲਾ ਯੋਜਨਾ ਦੇ ਦੂਜੇ ਪੜਾਅ ਦੇ 10 ਲਾਭਪਾਤਰੀਆਂ ਨੂੰ ਆਨਲਾਈਨ ਸਰਟੀਫਿਕੇਟ ਵੀ ਪ੍ਰਦਾਨ ਕਰਨਗੇ। ਬੁਲਾਰੇ ਨੇ ਦੱਸਿਆ ਕਿ ਉਹ ਇਸ ਸਕੀਮ ਦੇ ਪਹਿਲੇ ਪੜਾਅ ਦੇ ਪੰਜ ਲਾਭਪਾਤਰੀਆਂ ਨਾਲ ਆਨਲਾਈਨ ਮਾਧਿਅਮ ਰਾਹੀਂ ਗੱਲਬਾਤ ਕਰਨਗੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ 'ਪ੍ਰਧਾਨ ਮੰਤਰੀ ਉਜਵਲਾ ਯੋਜਨਾ' ਦੇ ਪਹਿਲੇ ਗੇੜ ਵਿੱਚ ਸੂਬੇ ਦੇ ਗਰੀਬ ਪਰਿਵਾਰਾਂ ਨੂੰ ਕੁੱਲ 1 ਕਰੋੜ 47 ਲੱਖ 43 ਹਜ਼ਾਰ 862 ਐਲਪੀਜੀ ਕੁਨੈਕਸ਼ਨ ਉਪਲੱਬਧ ਕਰਵਾਏ ਗਏ ਹਨ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਤੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਮਹੋਬਾ ਦੀ ਪੁਲਿਸ ਲਾਈਨ ਦੇ ਪਰੇਡ ਗਰਾਂਡ ਵਿਖੇ ਬਾਇਓਫਿਲ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ। ਇਸ ਗੇੜ 'ਚ ਲਾਭਪਾਤਰੀਆਂ ਨੂੰ ਪਹਿਲੀ ਰਿਫਿਲ ਮੁਫ਼ਤ ਪ੍ਰਦਾਨ ਕਰਨ ਦੇ ਨਾਲ-ਨਾਲ ਚੁੱਲ੍ਹਾ ਵੀ ਮੁਫਤ ਦਿੱਤਾ ਜਾਵੇਗਾ।

ਸਕੀਮ 2016 ਵਿੱਚ ਲਾਂਚ ਕੀਤੀ ਗਈ ਸੀ
ਸਾਲ 2016 ਵਿੱਚ ਸ਼ੁਰੂ ਕੀਤੀ ਗਈ ਉਜਵਲਾ ਯੋਜਨਾ ਦੇ ਦੌਰਾਨ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ 5 ਕਰੋੜ ਔਰਤਾਂ ਨੂੰ ਐਲਪੀਜੀ ਕੁਨੈਕਸ਼ਨ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਸੀ। ਇਸ ਯੋਜਨਾ ਦਾ ਵਿਸਤਾਰ ਅਪ੍ਰੈਲ 2018 ਵਿੱਚ ਕੀਤਾ ਗਿਆ ਸੀ ਤਾਂ ਜੋ ਸੱਤ ਹੋਰ ਸ਼੍ਰੇਣੀਆਂ (ਐਸਸੀ/ਐਸਟੀ, ਪੀਐਮਏਵਾਈ, ਏਏਵਾਈ, ਅਤਿ ਪਛੜੀਆਂ ਸ਼੍ਰੇਣੀਆਂ, ਟੀ ਗਾਰਡਨ, ਜੰਗਲਾਤ ਨਿਵਾਸੀ, ਟਾਪੂਵਾਸੀ) ਦੀਆਂ ਮਹਿਲਾ ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਜਾ ਸਕੇ। ਇਸ ਦਾ ਟੀਚਾ 8 ਕਰੋੜ ਐਲਪੀਜੀ ਕੁਨੈਕਸ਼ਨਾਂ ਨੂੰ ਸੋਧਿਆ ਗਿਆ ਸੀ। ਇਹ ਟੀਚਾ ਨਿਰਧਾਰਤ ਮਿਤੀ ਤੋਂ ਸੱਤ ਮਹੀਨੇ ਪਹਿਲਾਂ ਅਗਸਤ 2019 'ਚ ਹੀ ਪ੍ਰਾਪਤ ਕੀਤਾ ਗਿਆ ਸੀ।