ਨਵੀਂ ਦਿੱਲੀ : ਦੇਸ਼ ਵਿੱਚ ਕੈਸ ਲੈਸ ਪੇਮੈਂਟ ਦੇ ਵਧਦੇ ਰੁਝਾਨ ਵਿਚਕਾਰ 100 ਰੁਪਏ ਦਾ ਨੋਟ ਅਜੇ ਵੀ ਨਕਦ ਲੈਣ-ਦੇਣ ਲਈ ਸਭ ਤੋਂ ਪਸੰਦੀਦਾ ਨੋਟ ਬਣਿਆ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਰਿਪੋਰਟ ਦੇ ਅਨੁਸਾਰ ਲੈਣ-ਦੇਣ ਲਈ 2,000 ਰੁਪਏ ਦੇ ਨੋਟ ਘੱਟ ਪਸੰਦ ਹੈ। ਇਸ ਦੇ ਨਾਲ ਹੀ 500 ਰੁਪਏ ਦੇ ਨੋਟ ਦੀ ਸਭ ਤੋਂ ਜ਼ਿਆਦਾ ਵਰਤੋਂ ਹੋ ਰਹੀ ਹੈ।
28 ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੇਂਡੂ, ਅਰਧ-ਸ਼ਹਿਰੀ, ਸ਼ਹਿਰੀ ਅਤੇ ਮਹਾਨਗਰਾਂ ਵਿੱਚ ਕੀਤੇ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਵਿੱਚ ਸਿਰਫ 3% ਲੋਕ ਅਜਿਹੇ ਹਨ, ਜੋ ਨੋਟਾਂ ਦੇ ਅਸਲੀ -ਨਕਲੀ ਦੀ ਪਛਾਣ ਨਹੀਂ ਕਰ ਪਾਉਂਦੇ। ਯਾਨੀ 97% ਲੋਕ ਮਹਾਤਮਾ ਗਾਂਧੀ ਦੀ ਤਸਵੀਰ, ਵਾਟਰਮਾਰਕ ਜਾਂ ਸੁਰੱਖਿਆ ਧਾਗੇ ਦੀ ਜਾਣਕਾਰੀ ਹੈ।
5 ਰੁਪਏ ਦੇ ਸਿੱਕੇ ਦੀ ਸਭ ਤੋਂ ਵੱਧ ਵਰਤੋਂ
ਸਿੱਕਿਆਂ ਦੀ ਗੱਲ ਕਰੀਏ ਤਾਂ ਨਕਦ ਲੈਣ-ਦੇਣ ਲਈ 5 ਰੁਪਏ ਦਾ ਸਿੱਕਾ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਲੋਕ ਇਕ ਰੁਪਏ ਦੇ ਸਿੱਕੇ ਦੀ ਘੱਟ ਵਰਤੋਂ ਕਰਨਾ ਪਸੰਦ ਕਰਦੇ ਹਨ।
ਆਮਦਨ ਦੀ ਕਮੀ ਇੱਕ ਵੱਡਾ ਕਾਰਨ
ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਇਨਾਂਸ ਐਂਡ ਪਾਲਿਸੀ ਦੇ ਅਰਥ ਸ਼ਾਸਤਰੀ ਆਇਯਾਲਾ ਸ਼੍ਰੀ ਹਰੀ ਨਾਇਡੂ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 100 ਰੁਪਏ ਦੇ ਨੋਟ ਦੀ ਜ਼ਿਆਦਾ ਵਰਤੋਂ ਦਾ ਇਕ ਕਾਰਨ ਲੋਕਾਂ ਦੀ ਘੱਟ ਆਮਦਨ ਵੀ ਹੈ। ਉਨ੍ਹਾਂ ਅਨੁਸਾਰ ਸਾਡੇ ਦੇਸ਼ ਵਿੱਚ 90% ਲੋਕਾਂ ਦੀ ਆਮਦਨ ਘੱਟ ਹੈ, ਜਿਸ ਕਾਰਨ ਉਹ ਆਮ ਤੌਰ 'ਤੇ 100 ਰੁਪਏ ਤੋਂ ਲੈ ਕੇ 300 ਰੁਪਏ ਤੱਕ ਦਾ ਸਾਮਾਨ ਖਰੀਦਦੇ ਹਨ। ਅਜਿਹੇ ਵਿੱਚ ਲੋਕ ਡਿਜੀਟਲ ਲੈਣ-ਦੇਣ ਦੀ ਬਜਾਏ ਨਕਦੀ ਦੇਣ ਨੂੰ ਤਰਜੀਹ ਦਿੰਦੇ ਹਨ।
ਦੇਸ਼ ਵਿੱਚ ਨਕਦੀ ਵਧੀ
ਰਿਪੋਰਟ ਮੁਤਾਬਕ 2021-22 ਦੌਰਾਨ ਨਕਦੀ ਦੀ ਮਾਤਰਾ 5 ਫੀਸਦੀ ਵਧੀ ਹੈ। ਇਸ 'ਚ 500 ਰੁਪਏ ਦੇ ਨੋਟ ਦਾ ਸਭ ਤੋਂ ਜ਼ਿਆਦਾ ਹਿੱਸਾ 34.9 ਫੀਸਦੀ ਰਿਹਾ। ਆਈਆਈਟੀ ਖੜਗਪੁਰ ਦੇ ਅਰਥ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਗੌਰੀਸ਼ੰਕਰ ਐਸ ਹੀਰੇਮਠ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਐਮਰਜੈਂਸੀ ਲਈ ਲੋਕਾਂ ਵੱਲੋਂ ਫੰਡ ਇਕੱਠਾ ਕਰਨ ਦੀਆਂ ਰਿਪੋਰਟਾਂ ਹਨ। ਇਸ ਕਾਰਨ ਨੋਟਾਂ ਦੀ ਗਿਣਤੀ ਵਧੀ ਹੈ।
ਨਕਲੀ ਨੋਟਾਂ ਦੀ ਗਿਣਤੀ ਵਧੀ
ਆਰਬੀਆਈ ਮੁਤਾਬਕ ਵਿੱਤੀ ਸਾਲ 2021-22 ਵਿੱਚ ਨਕਲੀ ਨੋਟਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਆਰਬੀਆਈ ਮੁਤਾਬਕ 500 ਰੁਪਏ ਦੇ ਨਕਲੀ ਨੋਟ ਇੱਕ ਸਾਲ ਵਿੱਚ ਦੁੱਗਣੇ ਹੋ ਗਏ ਹਨ। ਪਿਛਲੇ ਸਾਲ ਦੇ ਮੁਕਾਬਲੇ ਕੇਂਦਰੀ ਬੈਂਕ ਨੇ 500 ਰੁਪਏ ਦੇ 101.9% ਜ਼ਿਆਦਾ ਨੋਟ ਅਤੇ 2,000 ਰੁਪਏ ਦੇ 54.16% ਜ਼ਿਆਦਾ ਨੋਟ ਫੜੇ ਹਨ।