ਨਵੀਂ ਦਿੱਲੀ : ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਨੇ ਇਹ ਕਹਿ ਕੇ ਦੁਨੀਆ ਭਰ ਦੇ ਬਾਜ਼ਾਰਾਂ ਤਹਿਲਕਾ ਮਚਾ ਦਿੱਤਾ ਕਿ "ਜਦੋਂ ਤੱਕ ਮਹਿੰਗਾਈ 'ਤੇ ਕਾਬੂ ਨਹੀਂ ਪਾਇਆ ਜਾਂਦਾ ਉਦੋਂ ਤੱਕ ਵਿਆਜ ਦਰਾਂ ਵਧਦੀਆਂ ਰਹਿਣਗੀਆਂ।" ਇਸ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਨਾਲ ਅੱਜ ਕਰੰਸੀ ਐਕਸਚੇਂਜ ਬਾਜ਼ਾਰ 'ਚ ਵੀ ਰੁਪਏ 'ਤੇ ਖਾਸ ਦਬਾਅ ਦਿਖਾਈ ਦੇ ਰਿਹਾ ਹੈ। ਸੋਮਵਾਰ ਸਵੇਰੇ ਫਾਰੇਕਸ ਬਾਜ਼ਾਰ 'ਚ ਭਾਰਤੀ ਮੁਦਰਾ ਡਾਲਰ ਦੇ ਮੁਕਾਬਲੇ 24 ਪੈਸੇ ਡਿੱਗ ਕੇ 80.11 ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 79.87 'ਤੇ ਬੰਦ ਹੋਇਆ ਸੀ। ਇਸ ਤੋਂ ਪਹਿਲਾਂ ਰੁਪਏ ਦਾ ਸਭ ਤੋਂ ਹੇਠਲਾ ਪੱਧਰ 80.06 ਪ੍ਰਤੀ ਡਾਲਰ ਸੀ, ਜੋ ਪਿਛਲੇ ਮਹੀਨੇ ਭਾਵ ਜੁਲਾਈ 'ਚ ਪਹੁੰਚ ਗਿਆ ਸੀ। ਜੇ ਸਾਲ 2022 ਦੀ ਗੱਲ ਕਰੀਏ ਤਾਂ ਹੁਣ ਤੱਕ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 'ਚ 7 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।


ਮਾਹਰਾਂ ਬੋਲੇ, 'ਜਲਦਬਾਜ਼ੀ ਵਿੱਚ ਲਿਆ ਫੈਸਲਾ"


ਫਾਰੇਕਸ ਬਾਜ਼ਾਰ ਦੇ ਮਾਹਰਾਂ ਦਾ ਕਹਿਣਾ ਹੈ ਕਿ "ਫੇਡ ਰਿਜ਼ਰਵ ਦੇ ਮੁਖੀ ਨੇ ਇਸ ਵਾਰ ਜਲਦਬਾਜ਼ੀ 'ਚ ਫੈਸਲਾ ਲਿਆ ਲਗਦਾ ਹੈ। ਸਿਰਫ਼ 8 ਮਿੰਟ ਦੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਸਿਰਫ਼ ਇੱਕ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਤੱਕ ਮਹਿੰਗਾਈ ਦਰ 2 ਫ਼ੀਸਦੀ 'ਤੇ ਨਹੀਂ ਆ ਜਾਂਦੀ ਉਦੋਂ ਤੱਕ ਵਿਆਜ ਦਰਾਂ ਵਧਦੀਆਂ ਰਹਿਣਗੀਆਂ। ਕਾਰੋਬਾਰੀ ਅਤੇ ਘਰ ਖਰੀਦਦਾਰਾਂ ਲਈ ਇਹ ਬੁਰੀ ਖਬਰ ਹੈ ਅਤੇ ਇਸ ਦਾ ਅਸਰ ਸਾਰੇ ਸੈਕਟਰਾਂ 'ਤੇ ਦਿਖਾਈ ਦੇਵੇਗਾ। ਇਹੀ ਕਾਰਨ ਹੈ ਕਿ ਅੱਜ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਜ਼ਿਆਦਾਤਰ ਸ਼ੇਅਰ ਬਾਜ਼ਾਰ ਗਿਰਾਵਟ 'ਚ ਹਨ।


ਡਾਲਰ 20 ਸਾਲ ਦੇ ਉੱਚੇ ਪੱਧਰ 'ਤੇ


ਗਲੋਬਲ ਬਾਜ਼ਾਰ 'ਚ ਭਾਰਤੀ ਕਰੰਸੀ ਹੀ ਨਹੀਂ, ਸਗੋਂ ਯੂਰੋ, ਪੌਂਡ ਵਰਗੀਆਂ ਮੁਦਰਾਵਾਂ ਵੀ ਭਾਰੀ ਦਬਾਅ 'ਚ ਹਨ ਅਤੇ ਇਨ੍ਹਾਂ ਦੀ ਦਰ ਰਿਕਾਰਡ ਹੇਠਲੇ ਪੱਧਰ 'ਤੇ ਚਲੀ ਗਈ ਹੈ। ਅਮਰੀਕੀ ਡਾਲਰ ਇਸ ਸਮੇਂ 20 ਸਾਲਾਂ ਦੇ ਉੱਚ ਪੱਧਰ 'ਤੇ ਹੈ, ਜਦੋਂ ਕਿ ਏਸ਼ੀਆਈ ਮੁਦਰਾਵਾਂ ਅੱਜ 0.50 ਫੀਸਦੀ ਹੇਠਾਂ ਕਾਰੋਬਾਰ ਕਰ ਰਹੀਆਂ ਹਨ। ਚੀਨ ਦੀ ਕਰੰਸੀ ਯੂਆਨ 2 ਸਾਲ ਦੇ ਹੇਠਲੇ ਪੱਧਰ 'ਤੇ ਚਲੀ ਗਈ ਹੈ, ਜਦਕਿ ਭਾਰਤੀ ਰੁਪਿਆ 79.70 ਤੋਂ 80.30 ਰੁਪਏ ਦੇ ਵਿਚਕਾਰ ਕਾਰੋਬਾਰ ਕਰ ਰਿਹਾ ਹੈ।


ਵਿਦੇਸ਼ੀ ਨਿਵੇਸ਼ 'ਤੇ ਕੀ ਪਵੇਗਾ ਅਸਰ 


ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਡਾਲਰ ਇੰਡੈਕਸ 109 ਦੇ ਪੱਧਰ ਤੱਕ ਜਾ ਸਕਦਾ ਹੈ। ਹਾਲਾਂਕਿ, ਵਿਦੇਸ਼ੀ ਨਿਵੇਸ਼ਕ ਭਾਰਤੀ ਸਟਾਕ ਮਾਰਕੀਟ ਵਿੱਚ ਖਰੀਦਦਾਰੀ ਜਾਰੀ ਰੱਖਣਗੇ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਵੀ ਐਫਪੀਆਈ ਨਿਵੇਸ਼ ਜਾਰੀ ਰਹੇਗਾ। ਬਰਾਮਦਕਾਰਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਪਰ ਆਯਾਤ ਹੋਰ ਮਹਿੰਗਾ ਹੋ ਸਕਦਾ ਹੈ।


ਕੱਚੇ ਤੇਲ ਦੀਆਂ ਕੀਮਤਾਂ ਫਿਰ ਵਧੀਆਂ


ਮਾਹਿਰਾਂ ਮੁਤਾਬਕ ਆਉਣ ਵਾਲੇ ਸਮੇਂ 'ਚ ਕੱਚੇ ਤੇਲ ਦੀ ਕੀਮਤ ਹੋਰ ਵਧ ਸਕਦੀ ਹੈ। ਇਕ ਪਾਸੇ ਓਪੇਕ ਨੇ ਆਪਣੇ ਉਤਪਾਦਨ 'ਚ ਕਟੌਤੀ ਕਰਨ ਦੀ ਗੱਲ ਕਹੀ ਹੈ, ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋ ਰਿਹਾ ਹੈ, ਜਿਸ ਕਾਰਨ ਕੱਚੇ ਤੇਲ ਦੀ ਦਰਾਮਦ ਕਰਨਾ ਮਹਿੰਗਾ ਹੋ ਜਾਵੇਗਾ। ਇਸ ਦਾ ਅਸਰ ਦਰਾਮਦ ਬਿੱਲ 'ਤੇ ਸਿੱਧਾ ਦਿਖਾਈ ਦੇਵੇਗਾ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੀ ਦਬਾਅ ਵਧੇਗਾ।