Retail Inflation Increases: ਮਹਿੰਗਾਈ ਦੇ ਮੋਰਚੇ 'ਤੇ ਆਮ ਲੋਕਾਂ ਲਈ ਬੁਰੀ ਖ਼ਬਰ ਹੈ। ਥੋਕ ਮੁੱਲ ਆਧਾਰਿਤ ਮਹਿੰਗਾਈ ਦਰ ਤੋਂ ਬਾਅਦ ਪ੍ਰਚੂਨ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ। ਫਰਵਰੀ ਮਹੀਨੇ 'ਚ ਪ੍ਰਚੂਨ ਮਹਿੰਗਾਈ ਦਰ 6.07 ਫੀਸਦੀ ਰਹੀ ਹੈ, ਜਦਕਿ ਜਨਵਰੀ 2022 'ਚ ਇਹ 6.01 ਫੀਸਦੀ ਸੀ। ਪ੍ਰਚੂਨ ਮਹਿੰਗਾਈ ਦਾ ਇਹ ਅੰਕੜਾ 8 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਰਾਸ਼ਟਰੀ ਅੰਕੜਾ ਵਿਭਾਗ ਨੇ ਮਹਿੰਗਾਈ ਦਰ ਨੂੰ ਲੈ ਕੇ ਇਹ ਅੰਕੜਾ ਜਾਰੀ ਕੀਤਾ ਹੈ।


ਪ੍ਰਚੂਨ ਮਹਿੰਗਾਈ ਦਰ 6.07 ਫੀਸਦੀ 'ਤੇ ਪਹੁੰਚ ਗਈ ਹੈ, ਜੋ ਕਿ ਆਰਬੀਆਈ ਦੁਆਰਾ ਨਿਰਧਾਰਤ 6 ਫੀਸਦੀ ਦੀ ਉਪਰਲੀ ਸੀਮਾ ਤੋਂ ਵੱਧ ਹੈ। ਫਰਵਰੀ ਮਹੀਨੇ ਵਿੱਚ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਹੋਰ ਵਧੀ ਹੈ। ਐਨਐਸਐਸਓ ਦੇ ਅੰਕੜਿਆਂ ਅਨੁਸਾਰ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਰ ਫਰਵਰੀ ਵਿੱਚ 6.12 ਫੀਸਦੀ ਤੋਂ ਵਧ ਕੇ 6.38 ਫੀਸਦੀ ਹੋ ਗਈ ਹੈ। ਹਾਲਾਂਕਿ ਸ਼ਹਿਰੀ ਖੇਤਰਾਂ 'ਚ ਪ੍ਰਚੂਨ ਮਹਿੰਗਾਈ ਦਰ 5.91 ਫੀਸਦੀ ਤੋਂ ਘੱਟ ਕੇ 5.75 ਫੀਸਦੀ 'ਤੇ ਆ ਗਈ ਹੈ।


ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਜਨਵਰੀ ਵਿੱਚ 5.43 ਫੀਸਦੀ ਦੇ ਮੁਕਾਬਲੇ ਫਰਵਰੀ ਵਿੱਚ ਵਧ ਕੇ 5.85 ਫੀਸਦੀ ਹੋ ਗਈ ਹੈ। ਫੂਡ ਬਾਸਕੇਟ ਵਿੱਚ ਵਾਧਾ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 16.44 ਫੀਸਦੀ ਵਾਧੇ ਕਾਰਨ ਹੋਇਆ ਹੈ। ਸਬਜ਼ੀਆਂ ਅਤੇ ਮੀਟ ਦੀਆਂ ਕੀਮਤਾਂ ਵਿੱਚ 6.13 ਫੀਸਦੀ, ਮੱਛੀ ਦੀਆਂ ਕੀਮਤਾਂ ਵਿੱਚ 7.45 ਫੀਸਦੀ ਅਤੇ ਆਂਡਿਆਂ ਦੀਆਂ ਕੀਮਤਾਂ ਵਿੱਚ 4.15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।


ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜੇਕਰ ਕੱਚੇ ਤੇਲ ਦੇ ਮਹਿੰਗੇ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਮਹਿੰਗਾਈ ਹੋਰ ਵਧ ਸਕਦੀ ਹੈ। ਜਿਸ ਕਾਰਨ ਕਰਜ਼ਾ ਮਹਿੰਗਾ ਹੋ ਸਕਦਾ ਹੈ। ਆਰਬੀਆਈ 2022-23 ਲਈ ਪਹਿਲੀ ਕਰਜ਼ਾ ਨੀਤੀ ਸਮੀਖਿਆ ਅਪ੍ਰੈਲ ਮਹੀਨੇ ਵਿੱਚ ਐਲਾਨ ਕਰੇਗਾ।