Gold Smuggling in India: ਭਾਰਤ ਵਿੱਚ ਸੋਨੇ ਦੀ ਵੱਡੇ ਪੱਧਰ 'ਤੇ ਤਸਕਰੀ ਹੋ ਰਹੀ ਹੈ। ਮਿਆਂਮਾਰ, ਨੇਪਾਲ ਤੇ ਬੰਗਲਾਦੇਸ਼ ਦੀਆਂ ਜ਼ਮੀਨੀ ਸਰਹੱਦਾਂ ਰਾਹੀਂ ਭਾਰਤ ਵਿੱਚ ਇਸ ਸਾਲ ਅਪਰੈਲ-ਸਤੰਬਰ ਦੌਰਾਨ ਤਸਕਰੀ ਕੀਤੇ ਸੋਨੇ ਦੀ ਬਰਾਮਦਗੀ 43 ਫੀਸਦੀ ਵਧ ਕੇ 2,000 ਕਿਲੋਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ ਸਰਕਾਰ ਦੀਆਂ ਨੀਂਦਰਾਂ ਉੱਡ ਗਈਆਂ ਹਨ।
ਕੇਂਦਰੀ ਅਸਿੱਧੇ ਕਰ ਤੇ ਕਸਟਮ ਬੋਰਡ (ਸੀਬੀਆਈਸੀ) ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਕਿਹਾ ਕਿ ਪਿਛਲੇ ਸਾਲ ਅਪਰੈਲ-ਸਤੰਬਰ ਦੀ ਮਿਆਦ ਵਿੱਚ 1,400 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਸੀ, ਜਦੋਂਕਿ ਪੂਰੇ ਵਿੱਤੀ ਸਾਲ 2022-23 ਦੌਰਾਨ 3800 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਸੀ।
ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੇ ਡਿਊਟੀ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਤਸਕਰੀ ਵੱਧ ਗਈ। ਇੱਥੇ ਪੱਤਰਕਾਰਾਂ ਨੂੰ ਉਨ੍ਹਾਂ ਦੱਸਿਆ ਕਿ ਵਿਭਾਗ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਠੋਸ ਉਪਰਾਲੇ ਕਰ ਰਿਹਾ ਹੈ ਭਾਵੇਂ ਇਹ ਜ਼ਮੀਨੀ ਸਰਹੱਦਾਂ ਰਾਹੀਂ ਹੋਵੇ ਜਾਂ ਹਵਾਈ ਅੱਡਿਆਂ ਜਾਂ ਕਿਸੇ ਹੋਰ ਰੂਟਾਂ ਰਾਹੀਂ ਹੋਵੇ।
ਅਗਰਵਾਲ ਨੇ ਪੱਤਰਕਾਰਾਂ ਨੂੰ ਕਿਹਾ, “ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੀ ਡਿਊਟੀ ਢਾਂਚੇ ਵਿੱਚ ਕੋਈ ਬਦਲਾਅ ਨਹੀਂ ਹੋਇਆ। ਹਾਲਾਂਕਿ, ਤਸਕਰੀ ਅੰਤਰਰਾਸ਼ਟਰੀ ਤੇ ਘਰੇਲੂ ਬਾਜ਼ਾਰਾਂ ਵਿੱਚ ਸੋਨੇ ਦੀਆਂ ਮੌਜੂਦਾ ਕੀਮਤਾਂ 'ਤੇ ਨਿਰਭਰ ਕਰ ਸਕਦੀ ਹੈ। ਇਸ ਸਾਲ ਅਪ੍ਰੈਲ ਤੋਂ ਸਤੰਬਰ 2023 ਤੱਕ 2,000 ਕਿਲੋ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ ਗਿਆ, ਜਦੋਂਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ ਇਹ 1,400 ਕਿਲੋਗ੍ਰਾਮ ਸੀ।
ਅਗਰਵਾਲ ਨੇ ਕਿਹਾ, "ਸੋਨੇ ਦੀ ਤਸਕਰੀ ਮੁੱਖ ਤੌਰ 'ਤੇ ਮਿਆਂਮਾਰ, ਨੇਪਾਲ ਤੇ ਬੰਗਲਾਦੇਸ਼ ਰਾਹੀਂ ਜ਼ਮੀਨੀ ਸਰਹੱਦ ਰਾਹੀਂ ਕੀਤੀ ਜਾਂਦੀ ਸੀ।" ਡੀਆਰਆਈ ਦੀ 2021-22 ਦੀ ਰਿਪੋਰਟ ਦੇ ਅਨੁਸਾਰ, ਸੋਨੇ ਦੀ ਜਾਇਜ਼ ਦਰਾਮਦ 'ਤੇ ਦਰਾਮਦ ਡਿਊਟੀ ਦੇ ਨਾਲ-ਨਾਲ ਸੋਨੇ ਦੀ ਉੱਚ ਮੰਗ ਕਾਰਨ ਭਾਰਤ ਵਿੱਚ ਸੋਨੇ ਦੀ ਤਸਕਰੀ ਵਧੀ ਹੈ।
ਸੋਨੇ 'ਤੇ ਬੇਸਿਕ ਕਸਟਮ ਡਿਊਟੀ ਦੀ ਦਰ 12.5 ਫੀਸਦੀ ਹੈ। ਸੋਨੇ ਦੀ ਦਰਾਮਦ 'ਤੇ 2.5 ਪ੍ਰਤੀਸ਼ਤ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ (AIDC) ਤੇ ਤਿੰਨ ਪ੍ਰਤੀਸ਼ਤ ਦੀ IGST ਦਰ ਨਾਲ, ਕੁੱਲ ਟੈਕਸ ਦਰ 18.45 ਪ੍ਰਤੀਸ਼ਤ ਹੋ ਜਾਂਦੀ ਹੈ। ਭਾਰਤ ਵਿੱਚ ਸੋਨੇ ਦਾ ਜ਼ਿਆਦਾ ਉਤਪਾਦਨ ਨਹੀਂ ਹੁੰਦਾ ਤੇ ਦੇਸ਼ ਵਿੱਚ ਸੋਨੇ ਦੀ ਵੱਡੀ ਮੰਗ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ। ਭਾਰਤ ਸੋਨੇ ਦੀਆਂ ਬਾਰਾਂ ਦੇ ਨਾਲ-ਨਾਲ ਸ਼ੁੱਧ ਸੋਨੇ ਦੀ ਦਰਾਮਦ ਵੀ ਕਰਦਾ ਹੈ।