1 ਜੁਲਾਈ ਤੋਂ ਟੀਡੀਐਸ ਦਾ ਨਵਾਂ ਨਿਯਮ ਲਾਗੂ ਹੋ ਰਿਹਾ ਹੈ। ਟੈਕਸ ਡਿਡਕਟਿਡ ਐਟ ਸੋਰਸ (TDS) ਦਾ ਇਹ ਨਵਾਂ ਨਿਯਮ ਸੇਲਜ਼ ਪ੍ਰਮੋਸ਼ਨ ਦੇ ਕਾਰੋਬਾਰ 'ਤੇ ਲਾਗੂ ਹੋਵੇਗਾ, ਜਿਸ ਦੇ ਦਾਇਰੇ 'ਚ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਡਾਕਟਰ ਆਉਣਗੇ। ਟੀਡੀਐਸ ਦੇ ਇਸ ਨਵੇਂ ਨਿਯਮ ਦੀ ਗਾਈਡਲਾਈਨ ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਸ (CBDT) ਨੇ ਜਾਰੀ ਕਰ ਦਿੱਤਾ ਹੈ। ਇਸ ਨਿਯਮ ਦਾ ਐਲਾਨ ਹਾਲ ਹੀ ਦੇ ਬਜਟ 'ਚ ਕੀਤਾ ਗਿਆ ਸੀ। ਸੇਲਜ਼ ਪ੍ਰਮੋਸ਼ਨ ਦੇ ਕਾਰੋਬਾਰ ਤੋਂ ਹੋਣ ਵਾਲੀ ਕਮਾਈ ਨੂੰ ਟੀਡੀਐਸ ਦੇ ਦਾਇਰੇ 'ਚ ਲਿਆਂਦਾ ਗਿਆ ਹੈ ਤਾਂ ਜੋ ਮਾਲੀਏ ਦੀ ਲੀਕੇਜ ਨੂੰ ਰੋਕਿਆ ਜਾ ਸਕੇ। ਇਸ ਦੇ ਲਈ ਇਨਕਮ ਟੈਕਸ ਐਕਟ- 1961 'ਚ ਇੱਕ ਨਵੀਂ ਧਾਰਾ-194R ਜੋੜੀ ਗਈ ਹੈ।
ਇਸ ਨਵੇਂ ਨਿਯਮ ਦੀ ਪੂਰੀ ਜਾਣਕਾਰੀ ਵਿੱਤ ਮੰਤਰਾਲੇ ਨੇ ਦਿੱਤੀ ਹੈ। ਇਸ ਨਿਯਮ ਦੇ ਫ਼ਾਇਦੇ ਵੀ ਦੱਸੇ ਗਏ ਹਨ।


ਇਸ ਨਵੇਂ ਨਿਯਮ ਦੇ ਦਾਇਰੇ 'ਚ ਡਾਕਟਰਾਂ ਵੱਲੋਂ ਲਈਆਂ ਜਾਣ ਵਾਲੀਆਂ ਮੁਫ਼ਤ ਦਵਾਈਆਂ, ਵਿਦੇਸ਼ੀ ਉਡਾਣ ਦੀਆਂ ਟਿਕਟਾਂ ਜਾਂ ਮੁਫਤ ਆਈਪੀਐਲ ਟਿਕਟਾਂ ਦਾ ਬਿਜਨੈੱਸ ਆਵੇਗਾ। ਮੰਤਰਾਲੇ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਕੋਈ ਲਾਭ ਲਿਆ ਜਾਂਦਾ ਹੈ ਤਾਂ ਇਸ ਦਾ ਖੁਲਾਸਾ ਇਨਕਮ ਟੈਕਸ ਰਿਟਰਨ ਫਾਈਲਿੰਗ 'ਚ ਕਰਨਾ ਹੋਵੇਗਾ। ਇਸ ਨੂੰ ਇਸ ਆਧਾਰ 'ਤੇ ਟੈਕਸ ਰਿਟਰਨ 'ਚ ਦੱਸਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਫ਼ਾਇਦੇ ਖਰੀਦਣ ਨਾਲ ਨਹੀਂ, ਸਗੋਂ ਮੁਫ਼ਤ 'ਚ ਮਿਲਦੇ ਹਨ।


ਕੀ ਕਹਿੰਦਾ ਹੈ ਨਵਾਂ ਨਿਯਮ?


ਟੀਡੀਐਸ ਦਾ ਨਵਾਂ ਨਿਯਮ ਕਹਿੰਦਾ ਹੈ ਕਿ ਧਾਰਾ 194R ਛੋਟ ਜਾਂ ਛੋਟ ਤੋਂ ਇਲਾਵਾ ਹੋਰ ਪ੍ਰੋਤਸਾਹਨ ਦੇਣ ਵਾਲੇ ਵਿਕਰੇਤਾ 'ਤੇ ਵੀ ਲਾਗੂ ਹੋਵੇਗਾ, ਜੋਕਿ ਨਕਦ ਜਾਂ ਕਿਸੇ ਹੋਰ ਸਮਾਨ ਜਿਵੇਂ ਕਿ ਕਾਰਾਂ, ਟੀਵੀ, ਕੰਪਿਊਟਰ, ਸੋਨੇ ਦੇ ਸਿੱਕੇ ਅਤੇ ਮੋਬਾਈਲ ਫ਼ੋਨਾਂ 'ਚ ਦਿੱਤੇ ਜਾਂਦੇ ਹਨ। ਜੇਕਰ ਕੋਈ ਡਾਕਟਰ ਹਸਪਤਾਲ 'ਚ ਕੰਮ ਕਰਦਾ ਹੈ ਅਤੇ ਉਹ ਦਵਾਈ ਦਾ ਮੁਫ਼ਤ ਸੈਂਪਲ ਲੈਂਦਾ ਹੈ ਤਾਂ ਹਸਪਤਾਲ 'ਚ ਦਵਾਈ ਦੇ ਮੁਫ਼ਤ ਸੈਂਪਲ ਦੀ ਵੰਡ 'ਤੇ ਧਾਰਾ 194R ਲਾਗੂ ਹੋਵੇਗੀ। ਇਸ ਸਥਿਤੀ 'ਚ ਹਸਪਤਾਲ ਇੱਕ ਰੁਜ਼ਗਾਰਦਾਤਾ ਵਜੋਂ ਮੁਫ਼ਤ ਸੈਂਪਲ ਨੂੰ ਟੈਕਸ ਦੇ ਦਾਇਰੇ 'ਚ ਰੱਖ ਸਕਦਾ ਹੈ ਅਤੇ ਧਾਰਾ-192 ਦੇ ਤਹਿਤ ਮੁਲਾਜ਼ਮ ਦਾ ਟੀਡੀਐਸ ਕੱਟ ਸਕਦਾ ਹੈ।
ਕਿਸੇ ਹਸਪਤਾਲ 'ਚ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਅਤੇ ਮੁਫ਼ਤ ਸੈਂਪਲ ਪ੍ਰਾਪਤ ਕਰਨ ਵਾਲੇ ਡਾਕਟਰਾਂ ਲਈ ਟੀਡੀਐਸ ਪਹਿਲਾਂ ਹਸਪਤਾਲ 'ਤੇ ਲਾਗੂ ਹੋਵੇਗਾ, ਜਿਸ ਲਈ ਕੰਸਲਟੈਂਟ ਡਾਕਟਰਾਂ ਦੀ ਕਮਾਈ 'ਤੇ ਧਾਰਾ 194R ਦੇ ਤਹਿਤ ਟੈਕਸ ਦੀ ਕਟੌਤੀ ਦੀ ਲੋੜ ਹੋਵੇਗੀ। ਸੀਬੀਡੀਟੀ ਦੇ ਅਨੁਸਾਰ ਟੀਡੀਐਸ ਦਾ ਇਹ ਨਿਯਮ ਸਰਕਾਰੀ ਹਸਪਤਾਲਾਂ 'ਤੇ ਲਾਗੂ ਨਹੀਂ ਹੋਵੇਗਾ, ਕਿਉਂਕਿ ਅਜਿਹੇ ਅਦਾਰੇ ਅਜਿਹੇ ਕਾਰੋਬਾਰ ਜਾਂ ਪ੍ਰੋਫ਼ੈਸ਼ਨ ਨੂੰ ਨਹੀਂ ਚਲਾਉਂਦੇ ਹਨ। ਟੀਡੀਐਸ ਦਾ ਇਹ ਨਿਯਮ 1 ਜੁਲਾਈ ਤੋਂ ਲਾਗੂ ਹੋਵੇਗਾ।