Tomato Prices: ਇੱਕ ਪਾਸੇ ਜਿੱਥੇ ਮਾਨਸੂਨ ਦੇ ਨਾਲ-ਨਾਲ ਦੇਸ਼ ਭਰ ਵਿੱਚ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ, ਜਿਸ ਦਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪੈਂਦਾ ਹੈ। ਖਾਸ ਕਰਕੇ ਰਸੋਈ ਦੇ ਮਾਮਲੇ ਵਿੱਚ ਲੋਕਾਂ ਦੇ ਖਰਚੇ ਵਧਣ ਜਾ ਰਹੇ ਹਨ। ਆਲੂ ਅਤੇ ਪਿਆਜ਼ ਤੋਂ ਬਾਅਦ ਰਸੋਈ 'ਚ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਟਮਾਟਰਾਂ (Tomato) ਦੀਆਂ ਕੀਮਤਾਂ ਪਿਛਲੇ ਕੁੱਝ ਦਿਨਾਂ 'ਚ ਅਸਮਾਨ ਨੂੰ ਛੂਹ ਗਈਆਂ ਹਨ।



80 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈਆਂ ਟਮਾਟਰ ਦੀਆਂ ਕੀਮਤਾਂ


ET ਦੀ ਇਕ ਰਿਪੋਰਟ ਮੁਤਾਬਕ ਪਿਛਲੇ ਕੁੱਝ ਦਿਨਾਂ 'ਚ ਟਮਾਟਰ ਦੀਆਂ ਰੀਟੇਲ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ ਅਤੇ ਹੁਣ ਇਹ 80 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈਆਂ ਹਨ। ਰਿਪੋਰਟ ਮੁਤਾਬਕ ਮੀਂਹ ਕਾਰਨ ਟਮਾਟਰਾਂ ਦੀ ਸਪਲਾਈ ਵਿੱਚ ਵਿਘਨ ਪੈ ਗਿਆ ਹੈ, ਜਿਸ ਕਾਰਨ ਕੁਝ ਰੀਟੇਲ ਬਾਜ਼ਾਰਾਂ ਵਿੱਚ ਟਮਾਟਰ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਲੱਗੇ ਹਨ।


ਸਰਕਾਰੀ ਅੰਕੜਿਆਂ ਵਿੱਚ ਟਮਾਟਰ ਦੀਆਂ ਕੀਮਤਾਂ


ਹਾਲਾਂਕਿ ਸਰਕਾਰੀ ਅੰਕੜਿਆਂ ਅਨੁਸਾਰ ਟਮਾਟਰ ਦੀਆਂ ਕੀਮਤਾਂ ਵਿੱਚ ਇੰਨਾ ਵਾਧਾ ਨਹੀਂ ਹੋਇਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ 3 ਜੁਲਾਈ ਨੂੰ ਟਮਾਟਰ ਦੀ ਰੋਜ਼ਾਨਾ ਔਸਤ ਰੀਟੇਲ ਕੀਮਤ 55 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜੋ ਇਕ ਮਹੀਨੇ ਪਹਿਲਾਂ 35 ਰੁਪਏ ਪ੍ਰਤੀ ਕਿਲੋਗ੍ਰਾਮ ਸੀ।


ਇਸ ਕਾਰਨ ਟਮਾਟਰ ਦੀ ਕੀਮਤ ਵਧੀ ਹੈ


ਟਮਾਟਰ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਣ ਲਈ ਭਾਰੀ ਮੀਂਹ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਕਈ ਸੜਕਾਂ ਨੁਕਸਾਨੀਆਂ ਗਈਆਂ ਹਨ। ਖਰਾਬ ਸੜਕੀ ਨੈੱਟਵਰਕ ਕਾਰਨ ਹਿਮਾਚਲ ਪ੍ਰਦੇਸ਼ ਤੋਂ ਕਈ ਰੀਟੇਲ ਬਾਜ਼ਾਰਾਂ ਨੂੰ ਟਮਾਟਰਾਂ ਦੀ ਸਪਲਾਈ ਬੰਦ ਹੋ ਗਈ ਹੈ, ਜਿਸ ਕਾਰਨ ਕੀਮਤਾਂ ਵਧ ਰਹੀਆਂ ਹਨ।


ਭਾਰੀ ਮੀਂਹ ਕਾਰਨ ਟਮਾਟਰ ਦੀ ਫ਼ਸਲ ਨੂੰ ਵੀ ਨੁਕਸਾਨ ਹੋ ਸਕਦਾ


ਹਿਮਾਚਲ ਪ੍ਰਦੇਸ਼ ਭਾਰਤ ਦੇ ਪ੍ਰਮੁੱਖ ਟਮਾਟਰ ਉਤਪਾਦਕ ਰਾਜਾਂ ਵਿੱਚੋਂ ਇੱਕ ਹੈ। ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 7 ਜੁਲਾਈ ਤੱਕ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਪਹਾੜੀ ਰਾਜ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ, ਜਿਸ ਦਾ ਸੜਕੀ ਨੈੱਟਵਰਕ ਅਤੇ ਆਵਾਜਾਈ 'ਤੇ ਸਿੱਧਾ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਟਮਾਟਰ ਦੀ ਫ਼ਸਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਮਤਲਬ ਆਉਣ ਵਾਲੇ ਦਿਨਾਂ 'ਚ ਟਮਾਟਰ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।


ਪਿਛਲੇ ਸਾਲ ਇਸ ਦੀ ਕੀਮਤ ਇੰਨੀ ਵੱਧ ਗਈ ਸੀ


ਟਮਾਟਰ ਦੀਆਂ ਕੀਮਤਾਂ ਆਮ ਤੌਰ 'ਤੇ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਵਧਦੀਆਂ ਹਨ। ਪਿਛਲੇ ਸਾਲ ਸਥਿਤੀ ਕਾਫੀ ਖਰਾਬ ਹੋ ਗਈ ਸੀ ਅਤੇ ਟਮਾਟਰ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਉਸ ਤੋਂ ਬਾਅਦ ਸਰਕਾਰ ਨੇ ਸਹਿਕਾਰੀ ਏਜੰਸੀਆਂ ਦੀ ਮਦਦ ਨਾਲ ਕਈ ਸ਼ਹਿਰਾਂ ਵਿਚ ਰਿਆਇਤੀ ਦਰਾਂ 'ਤੇ ਟਮਾਟਰ ਵੇਚਣੇ ਸ਼ੁਰੂ ਕਰ ਦਿੱਤੇ।



ਹੋਰ ਪੜ੍ਹੋ : ਨਿਵੇਸ਼ਕ ਹੋਏ ਮਾਲਾਮਾਲ! IPO ਲਿਸਟਿੰਗ ਨੇ ਮੱਚਾਇਆ ਧਮਾਲ, 90% ਪ੍ਰੀਮੀਅਮ 'ਤੇ ਐਂਟਰੀ