SEBI News: ਸ਼ੇਅਰ ਬਾਜ਼ਾਰ ਦੇ ਰੈਗੂਲੇਟਰ ਸੇਬੀ ਦੇ ਨਵੇਂ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਪਾਰਦਰਸ਼ਤਾ ਅਤੇ 'ਟੀਮ-ਵਰਕ' 'ਤੇ ਧਿਆਨ ਕੇਂਦਰਿਤ ਕਰਨ ਦਾ ਵਾਅਦਾ ਕੀਤਾ ਹੈ। ਤੁਹਿਨ ਕਾਂਤ ਪਾਂਡੇ ਨੇ ਸ਼ਨੀਵਾਰ ਨੂੰ ਸੇਬੀ ਦੇ 11ਵੇਂ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਦੇ ਹੋਏ ਇਹ ਗੱਲ ਕਹੀ। ਹੁਣ ਤੱਕ ਵਿੱਤ ਸਕੱਤਰ ਵਜੋਂ ਕੰਮ ਕਰ ਰਹੇ ਪਾਂਡੇ ਨੇ ਸੇਬੀ ਨੂੰ ਇੱਕ ਐਸੀ 'ਮਜ਼ਬੂਤ ਮਾਰਕੀਟ ਸੰਸਥਾ' ਦੱਸਿਆ, ਜਿਸਨੂੰ ਸਾਲਾਂ ਤੋਂ ਵੱਖ-ਵੱਖ ਦਿੱਗਜ਼ਾਂ ਨੇ ਆਕਾਰ ਦਿੱਤਾ ਹੈ।


ਤੁਹਿਨ ਕਾਂਤ ਪਾਂਡੇ ਨੇ ਸੇਬੀ ਵਿੱਚ ਆਪਣੇ ਕਾਰਜਕਾਲ ਦੇ ਏਜੰਡੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹ ਪਿਛਲੇ ਸੇਬੀ ਚੀਫ ਮਾਧਬੀ ਪੂਰੀ ਬੁੱਚ ਦੇ ਵਿਵਾਦਤ ਕਾਰਜਕਾਲ 'ਤੇ ਵੀ ਕੋਈ ਟਿੱਪਣੀ ਕਰਨ ਤੋਂ ਬਚਦੇ ਨਜ਼ਰ ਆਏ। ਬੁੱਚ 'ਤੇ ਉਨ੍ਹਾਂ ਦੇ ਕਾਰਜਕਾਲ ਦੇ ਆਖਰੀ ਕੁਝ ਮਹੀਨਿਆਂ ਵਿੱਚ ਅਣਿਯਮਤਾਵਾਂ ਦੇ ਕਈ ਦੋਸ਼ ਲੱਗੇ ਸਨ। ਬੁੱਚ ਪਾਂਡੇ ਦੇ ਬਾਂਦਰਾ ਕੁਰਲਾ ਕੰਪਲੇਕਸ ਸਥਿਤ ਸੇਬੀ ਮੁੱਖ ਦਫ਼ਤਰ ਪਹੁੰਚਣ ਸਮੇਂ ਉਥੇ ਮੌਜੂਦ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਬਿਮਾਰ ਹਨ ਅਤੇ ਉਨ੍ਹਾਂ ਨੂੰ ਕੋਵਿਡ ਸੰਕਰਮਣ ਹੋਇਆ ਹੈ।



ਕੇਂਦਰ ਸਰਕਾਰ ਨੇ 27 ਫਰਵਰੀ ਨੂੰ ਤੁਹਿਨ ਕਾਂਤ ਪਾਂਡੇ ਨੂੰ ਸੇਬੀ ਦਾ ਚੀਅਰਮੈਨ ਨਿਯੁਕਤ ਕਰਨ ਦਾ ਫੈਸਲਾ ਲਿਆ ਸੀ। ਨਵੇਂ ਸੇਬੀ ਮੁਖੀ ਨੇ ਕਿਹਾ ਕਿ ਸੇਬੀ ਇੱਕ ਬਹੁਤ ਮਜ਼ਬੂਤ ਬਾਜ਼ਾਰ ਸੰਸਥਾ ਹੈ, ਜਿਸ ਨੂੰ ਸਾਲਾਂ ਤੋਂ ਦਿੱਗਜ਼ ਲੋਕਾਂ ਨੇ ਬਣਾਇਆ ਹੈ ਅਤੇ ਇਹ ਪ੍ਰਕਿਰਿਆ ਅੱਗੇ ਵੀ ਜਾਰੀ ਰਹੇਗੀ। ਨਵੇਂ ਚੀਅਰਮੈਨ ਨੇ ਆਪਣੇ ਲਕਸ਼ਿਆਂ ਨੂੰ ਚਾਰ ਟੀ (T) ਦੇ ਰੂਪ ਵਿੱਚ ਦਰਸਾਇਆ, ਜੋ ਕਿ ਭਰੋਸਾ (Trust), ਪਾਰਦਰਸ਼ਤਾ (Transparency), ਟੀਮ ਵਰਕ (Teamwork) ਅਤੇ ਤਕਨੀਕ (Technology) ਹਨ।


ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਚਾਰ ਤੱਤ ਸੇਬੀ ਨੂੰ ਵਿਸ਼ੇਸ਼ ਬਣਾਉਂਦੇ ਹਨ, ਅਤੇ ਅਸੀਂ ਦੁਨੀਆ ਦੀਆਂ ਸਭ ਤੋਂ ਵਧੀਆ ਬਾਜ਼ਾਰ ਸੰਸਥਾਵਾਂ 'ਚੋਂ ਇੱਕ ਬਣਾਉਣ ਦੀ ਪ੍ਰਕਿਰਿਆ ਜਾਰੀ ਰੱਖਾਂਗੇ।" ਪਿਛਲੇ ਕੁਝ ਮਹੀਨਿਆਂ ਦੌਰਾਨ ਸੇਬੀ ਵਿੱਚ ਕੁਝ ਗਤੀਵਿਧੀਆਂ ਦੇਖਣ ਨੂੰ ਮਿਲੀਆਂ, ਜਿੱਥੇ ਇਸਦੇ ਕਰਮਚਾਰੀਆਂ ਦੇ ਇੱਕ ਵੱਡੇ ਵਗਰ ਨੇ ਪ੍ਰਬੰਧਨ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਸੀ।


ਤੁਹਿਨ ਕਾਂਤ ਪਾਂਡੇ ਇੱਕ ਐਸੇ ਸਮੇਂ 'ਚ ਸੇਬੀ ਦੇ ਮੁੱਖੀ ਦਾ ਅਹੁਦਾ ਸੰਭਾਲਣਗੇ ਜਦੋਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਦੀ ਨਿਕਾਸੀ ਤੋਂ ਬਾਅਦ ਬਾਜ਼ਾਰ 'ਚ ਮੰਦੀ ਦਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਜਨਵਰੀ ਤੋਂ ਹੁਣ ਤੱਕ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (FPI) ਨੇ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਕੀਤੀ ਹੈ।