Unemployment Rate: ਕੋਰੋਨਾ ਕਾਲ 'ਚ ਬੇਰੁਜ਼ਗਾਰੀ ਦਰ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ। ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ 2020-21 'ਚ ਬੇਰੁਜ਼ਗਾਰੀ ਦੀ ਦਰ 4.2 ਫ਼ੀਸਦੀ 'ਤੇ ਆ ਗਈ ਹੈ। ਕੋਰੋਨਾ ਦੀ ਮਿਆਦ ਦੌਰਾਨ ਲਗਾਏ ਗਏ ਲੌਕਡਾਊਨ ਦਾ ਭਾਰਤ ਦੀ ਜੌਬ ਮਾਰਕੀਟ 'ਤੇ ਜ਼ਿਆਦਾ ਅਸਰ ਨਹੀਂ ਪਿਆ ਹੈ। ਦੱਸ ਦੇਈਏ ਕਿ ਸਾਲ 2019-20 'ਚ ਇਸ ਸਮੇਂ ਦੌਰਾਨ ਭਾਰਤ ਦੀ ਬੇਰੁਜ਼ਗਾਰੀ ਦਰ 4.8 ਫ਼ੀਸਦੀ 'ਤੇ ਆ ਗਈ ਸੀ, ਜੋ ਇਸ ਸਾਲ ਘੱਟ ਕੇ 4.2 ਫ਼ੀਸਦੀ 'ਤੇ ਆ ਗਈ ਹੈ।
ਸਰਕਾਰ ਨੇ ਜਾਰੀ ਕੀਤੇ ਅੰਕੜੇ
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਤੋਂ ਇਸ ਬਾਰੇ ਜਾਣਕਾਰੀ ਮਿਲੀ ਹੈ। ਨੈਸ਼ਨਲ ਸਟੈਟਿਸਟੀਕਲ ਆਫਿਸ (NSO) ਨੇ ਦੱਸਿਆ ਹੈ ਕਿ ਇੱਕ ਨਿਸ਼ਚਿਤ ਸਮੇਂ 'ਤੇ ਹੋਣ ਵਾਲੇ ਲੈਵਰਫ਼ੋਰਸ ਸਰਵੇ (PLFS) ਮੁਤਾਬਕ ਸਾਲ 2018-19 'ਚ ਬੇਰੁਜ਼ਗਾਰੀ ਦੀ ਦਰ 5.8 ਫ਼ੀਸਦੀ ਅਤੇ 2017-18 'ਚ 6.1 ਫ਼ੀਸਦੀ ਸੀ।
4 ਸਾਲਾਂ ਤੋਂ ਬੇਰੁਜ਼ਗਾਰੀ ਦਰ 'ਚ ਆ ਰਹੀ ਗਿਰਾਵਟ
ਦੱਸ ਦੇਈਏ ਕਿ ਪਿਛਲੇ 4 ਸਾਲਾਂ ਤੋਂ ਬੇਰੁਜ਼ਗਾਰੀ ਦਰ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। PLFS ਦੀ ਸਾਲਾਨਾ ਰਿਪੋਰਟ (ਜੁਲਾਈ 2020 ਤੋਂ ਜੂਨ 2021) 'ਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ ਦਰ (UR) 2020-21 'ਚ 4.2 ਫ਼ੀਸਦੀ ਰਹੀ, ਜਦਕਿ 2019-20 'ਚ 4.8 ਫ਼ੀਸਦੀ ਸੀ।
ਕਿਵੇਂ ਰਿਹਾ ਮਰਦਾਂ ਦਾ ਹਾਲ?
ਇਸ ਤੋਂ ਇਲਾਵਾ ਜੇਕਰ ਅਸੀਂ ਮਰਦਾਂ ਦੀ ਗੱਲ ਕਰੀਏ ਤਾਂ ਸਾਲ 2020-21 ਦੌਰਾਨ ਯੂਆਰ ਦਰ ਘੱਟ ਕੇ 4.5 ਫ਼ੀਸਦੀ 'ਤੇ ਆ ਗਿਆ, ਜੋ ਕਿ ਸਾਲ 2019-20 'ਚ 5.1 ਫ਼ੀਸਦੀ, 2018-19 'ਚ 6 ਫ਼ੀਸਦੀ ਅਤੇ 2017-18 'ਚ 6.2 ਫ਼ੀਸਦੀ ਸੀ।
ਕਿਵੇਂ ਰਿਹਾ ਔਰਤਾਂ ਦਾ ਹਾਲ?
ਔਰਤਾਂ ਲਈ ਯੂਆਰ ਦਰ 'ਚ ਵੀ ਅਜਿਹਾ ਹੀ ਰੁਝਾਨ ਦੇਖਿਆ ਗਿਆ ਹੈ। ਔਰਤਾਂ ਲਈ ਯੂਆਰ ਦਰ 2020-21 ਦੌਰਾਨ ਘੱਟ ਕੇ 3.5 ਫ਼ੀਸਦੀ ਰਹਿ ਗਈ। ਇਹ 2019-29 'ਚ 4.2 ਫ਼ੀਸਦੀ, 2018-19 'ਚ 5.2 ਫ਼ੀਸਦੀ ਅਤੇ 2017-18 'ਚ 5.7 ਫ਼ੀਸਦੀ ਸੀ।