Petrol Diesel Price: ਦੇਸ਼ ਵਿੱਚ ਮਹਿੰਗਾਈ ਦੀ ਮਾਰ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਝੰਭਿਆ ਹੋਇਆ ਹੈ। ਸਭ ਤੋਂ ਵੱਧ ਮਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਪੈ ਰਹੀ ਹੈ ਕਿਉਂਕਿ ਈਂਧਣ ਬਗੈਰ ਜ਼ਿੰਦਗੀ ਦੀ ਗੱਡੀ ਰਿੜਣੀ ਮੁਸ਼ਕਲ ਹੈ। ਇਸ ਲਈ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਲੋਕ ਹਮੇਸ਼ਾ ਹੀ ਵਿਰੋਧ ਪ੍ਰਦਰਸ਼ਨ ਕਰਦੇ ਹਨ। ਇਹ ਵੀ ਸੱਚ ਹੈ ਕਿ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਲੋੜ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ਤੋਂ ਬਿਨਾਂ ਵਾਹਨ ਤੇ ਫੈਕਟਰੀਆਂ ਨਹੀਂ ਚੱਲ ਸਕਦੀਆਂ।


ਦਰਅਸਲ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇਸ਼ ਲਈ ਵੱਡੀ ਸਮੱਸਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੈਟਰੋਲ ਤੇ ਡੀਜ਼ਲ ਦਾ ਅਸਲ ਰੇਟ ਕੀ ਹੁੰਦਾ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਡੀਲਰ ਨੂੰ ਸ਼ੁੱਧ ਪੈਟਰੋਲ ਤਕਰੀਬਨ 42 ਰੁਪਏ ਪ੍ਰਤੀ ਲੀਡਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਇਸ ਮਗਰੋਂ ਟੈਕਸ ਤੇ ਕਮਿਸ਼ਨ ਆਦਿ ਮਿਲਾ ਕੇ ਇਹ 100 ਰੁਪਏ ਪ੍ਰਤੀ ਲੀਟਰ ਨੂੰ ਵੀ ਪਾਰ ਕਰ ਜਾਂਦਾ ਹੈ।



ਦੱਸ ਦੇਈਏ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੈਅ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਅੱਜ 14 ਜੁਲਾਈ ਨੂੰ ਜੇਕਰ ਕੱਚੇ ਤੇਲ ਦੀ ਕੀਮਤ 86.14 ਅਮਰੀਕੀ ਡਾਲਰ ਪ੍ਰਤੀ ਬੈਰਲ ਹੈ। ਇੱਕ ਬੈਰਲ 'ਚ 159 ਲੀਟਰ ਹੁੰਦੇ ਹਨ। ਅੱਜ 14 ਜੁਲਾਈ ਨੂੰ ਮੁਦਰਾ ਬਾਜ਼ਾਰ ਵਿੱਚ ਇੱਕ ਅਮਰੀਕੀ ਡਾਲਰ ਦੀ ਕੀਮਤ 73.70 ਰੁਪਏ ਹੈ ਤੇ ਇੱਕ ਲੀਟਰ ਕੱਚੇ ਤੇਲ ਦੀ ਕੀਮਤ 39.92 ਰੁਪਏ ਹੈ। 


ਭਾਰਤ ਆਉਣ ਤੋਂ ਬਾਅਦ ਇਸ ਕੱਚੇ ਤੇਲ ਨੂੰ ਰਿਫਾਇੰਡ ਕੀਤਾ ਜਾਂਦਾ ਹੈ। ਰਿਫਾਈਨਿੰਗ ਦੌਰਾਨ ਖਰਚਾ ਵੀ ਹੁੰਦਾ ਹੈ। ਕੱਚੇ ਤੇਲ ਨੂੰ ਰਿਫਾਈਨ ਕਰਨ ਤੋਂ ਬਾਅਦ ਸ਼ੁਧ ਤੇਲ ਡੀਲਰ ਨੂੰ ਦਿੱਤਾ ਜਾਂਦਾ ਹੈ। ਹੁਣ ਸੋਧ ਤੋਂ ਬਾਅਦ ਡੀਲਰ ਲਈ ਇੱਕ ਲੀਟਰ ਪੈਟਰੋਲ ਦੀ ਕੀਮਤ 42 ਰੁਪਏ ਹੋ ਜਾਵੇਗੀ। ਇਸ ਵਿੱਚ ਤੇਲ ਕੰਪਨੀਆਂ ਦਾ ਕਮਿਸ਼ਨ, ਐਂਟਰੀ ਟੈਕਸ, ਆਵਾਜਾਈ ਦੇ ਖਰਚੇ ਆਦਿ ਸ਼ਾਮਲ ਹਨ।



ਇਸ ਪ੍ਰਕਿਰਿਆ ਤੋਂ ਬਾਅਦ ਉਦਾਹਰਣ ਵਜੋਂ ਸਮਝੋ ਕਿ ਡੀਲਰ ਨੂੰ ਪ੍ਰਤੀ ਲੀਟਰ ਪੈਟਰੋਲ 'ਤੇ 3.66 ਰੁਪਏ ਕਮਿਸ਼ਨ ਦਿੱਤਾ ਜਾਂਦਾ ਹੈ। ਹਾਲਾਂਕਿ ਸਰਕਾਰ ਵੱਲੋਂ ਇਨ੍ਹਾਂ ਕਮਿਸ਼ਨਾਂ ਵਿੱਚ ਬਦਲਾਅ ਹੋ ਸਕਦਾ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਸਮੇਂ ਡੀਲਰਾਂ ਨੂੰ ਪ੍ਰਤੀ ਲੀਟਰ ਕਰੀਬ 2 ਫੀਸਦੀ ਕਮਿਸ਼ਨ ਦਿੱਤਾ ਜਾ ਰਿਹਾ ਹੈ। ਪੈਟਰੋਲ 'ਤੇ 2.90 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਤੇ 1.85 ਰੁਪਏ ਪ੍ਰਤੀ ਲੀਟਰ ਕਮਿਸ਼ਨ ਦਿੱਤਾ ਜਾ ਰਿਹਾ ਹੈ। 


ਇਸ ਤੋਂ ਬਾਅਦ ਕੇਂਦਰ ਸਰਕਾਰ ਪੈਟਰੋਲ ਦੀਆਂ ਕੀਮਤਾਂ 'ਤੇ ਐਕਸਾਈਜ਼ ਡਿਊਟੀ ਲਾਉਂਦੀ ਹੈ। ਇਹ ਵੀ ਸਰਕਾਰ ਵੱਲੋਂ ਬਦਲਦੀ ਰਹਿੰਦੀ ਹੈ। ਇਸ ਤੋਂ ਬਾਅਦ ਹਰ ਰਾਜ ਆਪਣੀ ਟੈਕਸ ਨੀਤੀ ਅਨੁਸਾਰ ਪੈਟਰੋਲ ਦੀਆਂ ਕੀਮਤਾਂ 'ਤੇ ਵੈਟ ਲਾਉਂਦੀ ਹੈ। ਇਸ ਤੋਂ ਬਾਅਦ ਆਖਰਕਾਰ ਜਨਤਾ ਲਈ ਪੈਟਰੋਲ ਦੀ ਕੀਮਤ ਤੈਅ ਹੁੰਦੀ ਹੈ। ਇਸ ਤੋਂ ਤੈਅ ਹੈ ਕਿ ਤੇਲ ਉਪਰ ਸਭ ਤੋਂ ਵੱਧ ਟੈਕਸ ਹੀ ਲੱਗੇ ਹੁੰਦੇ ਹਨ।


ਜੇਕਰ ਸਰਲ ਭਾਸ਼ਾ 'ਚ ਸਮਝੀਏ ਤਾਂ ਜਿਸ ਪੈਟਰੋਲ ਲਈ ਤੁਸੀਂ 100 ਰੁਪਏ ਦਾ ਭੁਗਤਾਨ ਕਰਦੇ ਹੋ, ਭਾਰਤ 'ਚ ਇਹ ਅੱਧੀ ਤੋਂ ਵੀ ਘੱਟ ਕੀਮਤ 'ਤੇ ਆਉਂਦਾ ਹੈ ਤੇ ਕਈ ਤਰ੍ਹਾਂ ਦੇ ਟੈਕਸ ਲਗਾਏ ਜਾਣ ਤੋਂ ਬਾਅਦ ਇਸ ਦੀ ਕੀਮਤ ਲਗਪਗ ਦੁੱਗਣੀ ਹੋ ਜਾਂਦੀ ਹੈ। ਦੇਸ਼ ਤੇ ਰਾਜ ਸਰਕਾਰਾਂ ਦੀ ਕਮਾਈ ਦਾ ਵੱਡਾ ਸਾਧਨ ਤੇਲ ਉਪਰ ਟੈਕਸ ਹਨ।