Ludhiana News: ਲੁਧਿਆਣਾ ਸ਼ਹਿਰ ਵਿੱਚ ਮਨੀ ਐਕਸਚੇਂਜਰ ਤੇ ਜੁੱਤੀਆਂ ਦੇ ਕਾਰੋਬਾਰੀ ਮਨਜੀਤ ਸਿੰਘ ਦੇ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ ਵਿੱਚ ਕਈ ਖੁਲਾਸੇ ਹੋਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਪੂਰੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ। ਲੁਟੇਰਿਆਂ ਨੂੰ ਕਾਰੋਬਾਰੀ ਮਨਜੀਤ ਸਿੰਘ ਬਾਰੇ ਪੂਰੀ ਜਾਣਕਾਰੀ ਸੀ। ਇਸ ਲਈ ਉਹ ਪਹਿਲਾਂ ਹੀ ਉਸ ਦਾ ਪਿੱਛਾ ਕਰ ਰਹੇ ਸੀ। 


ਪੁਲਿਸ ਮੁਤਾਬਕ ਲੁਟੇਰਿਆਂ ਨੇ ਚੋਰੀ ਦੀ ਐਕਟਿਵਾ ਸਕੂਟੀ ਰਾਹੀਂ ਕਾਰੋਬਾਰੀ ਦੀ ਕਾਰ ਦਾ ਜਗਰਾਉਂ ਪੁਲ ਤੋਂ ਪਿੱਛਾ ਕੀਤਾ ਸੀ। ਇਸ ਮਗਰੋਂ ਪੁਲਿਸ ਚੌਕੀ ਕੋਚਰ ਮਾਰਕੀਟ ਕੋਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਕੁਝ ਹੀ ਦੂਰੀ ’ਤੇ ਉਹ ਐਕਟਿਵਾ ਛੱਡ ਕੇ ਤੇ ਕਾਰੋਬਾਰੀ ਦੀ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪੂਰੀ ਯੋਜਨਾ ਉਲੀਕੀ ਗਈ ਸੀ। ਇਸ ਵਾਰਦਾਤ ਵਿੱਚ ਦੋ ਤੋਂ ਵੱਧ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। 



ਹਾਸਲ ਜਾਣਕਾਰੀ ਮੁਤਾਬਕ ਕਾਰੋਬਾਰੀ ਮਨਜੀਤ ਸਿੰਘ ਆਪਣੀ ਸਵਿਫ਼ਟ ਕਾਰ ਰਾਹੀਂ ਜਗਰਾਉਂ ਪੁਲ ਤੋਂ ਹੁੰਦਾ ਹੋਇਆ ਆਪਣੇ ਘਰ ਮਾਡਲ ਗ੍ਰਾਮ ਵੱਲ ਜਾ ਰਿਹਾ ਸੀ। ਲੁਟੇਰਿਆਂ ਨੇ ਉਸ ਦਾ ਜਗਰਾਉਂ ਪੁਲ ਤੋਂ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਚਰ ਮਾਰਕੀਟ ਇਲਾਕੇ ’ਚ ਭੀੜ ਜ਼ਿਆਦਾ ਹੁੰਦੀ ਹੈ ਤਾਂ ਮੁਲਜ਼ਮਾਂ ਨੇ ਆਪਣੀ ਯੋਜਨਾ ਅਨੁਸਾਰ ਉਥੇ ਇੱਕ ਐਕਟਿਵਾ ਲਈ। 


ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰਿਆਂ ਨੇ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ ਕੁਝ ਦੂਰੀ ’ਤੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉੱਥੋਂ ਲਗਪਗ ਇੱਕ ਹਜ਼ਾਰ ਮੀਟਰ ਦੂਰ ਐਕਟਿਵਾ ਛੱਡ ਕੇ ਸਵਿਫ਼ਟ ਕਾਰ ਵਿੱਚ ਫ਼ਰਾਰ ਹੋ ਗਏ। ਸੂਤਰਾਂ ਮੁਤਾਬਕ ਪੁਲਿਸ ਦੇ ਹੱਥ ਸੀਸੀਟੀਵੀ ਕੈਮਰੇ ਦੀ ਫੁਟੇਜ ਲੱਗੀ ਹੈ, ਜਿਸ ’ਚ ਲੁਟੇਰੇ ਸਵਿਫ਼ਟ ਕਾਰ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ ਤੇ ਉਹ ਇਸ ਵਿੱਚ ਹੀ ਫ਼ਰਾਰ ਹੋਏ ਹਨ। 



ਪੁਲਿਸ ਨੇ ਵਾਰਦਾਤ ’ਚ ਵਰਤੀ ਗਈ ਐਕਟਿਵਾ ਬਰਾਮਦ ਕਰ ਲਈ ਹੈ, ਜਿਸ ’ਤੇ ਕੋਈ ਨੰਬਰ ਨਹੀਂ। ਪੁਲਿਸ ਹੁਣ ਇਸ ਮਾਮਲੇ ’ਚ ਐਕਟਿਵਾ ਦੇ ਮਾਲਕ ਦਾ ਪਤਾ ਲਾਉਣ ’ਚ ਜੁਟੀ ਹੋਈ ਹੈ। ਹਾਲਾਂਕਿ, ਇਸ ਸਬੰਧੀ ਕਿਸੇ ਉੱਚ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ। ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਈ ਸੀਸੀਟੀਵੀ ਫੁਟੇਜ ਮਿਲੀਆਂ ਹਨ, ਜਿਸ ਦੇ ਆਧਾਰ ’ਤੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨੇੜੇ ਪਹੁੰਚ ਗਈ ਹੈ।