ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਵਿੱਚ ਇੱਕ ਨੌਜਵਾਨ ਦਾ ਕਤਲ ਕਰਕੇ ਲਾਸ਼ ਨਹਿਰ 'ਚ ਸੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਤਲ ਕਰਨ ਤੋਂ ਬਾਅਦ ਫ਼ਰਾਰ ਹੋ ਗਏ ਸੀ। ਮਿਲੀ ਜਾਣਕਾਰੀ ਮੁਤਾਬਿਕ ਸਿਰਫ 6 ਹਜ਼ਾਰ ਰੁਪਏ ਲਈ ਚਾਰ ਦੋਸਤਾਂ ਨੇ ਮਿਲ ਕੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਸੀ ਅਤੇ ਮਗਰੋਂ ਲਾਸ਼ ਨਹਿਰ 'ਚ ਸੁੱਟ ਦਿੱਤੀ ਸੀ। 



 

ਮ੍ਰਿਤਕ ਨੌਜਵਾਨ 21 ਸਤੰਬਰ ਤੋਂ ਲਾਪਤਾ ਸੀ, ਪਰਿਵਾਰ ਵੱਲੋਂ ਨੌਜਵਾਨ ਦਾ ਸੁਰਾਗ ਨਾ ਮਿਲਣ 'ਤੇ 23 ਸਤੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਥਾਣਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਫੋਨ ਦੀ ਕਾਲ ਡਿਟੇਲ ਦੀ ਜਾਂਚ ਕਰਦਿਆਂ ਮ੍ਰਿਤਕ ਦੇ ਕੁਝ ਦੋਸਤਾਂ ਨੂੰ ਬੁਲਾਇਆ। ਇਸ ਤੋਂ ਬਾਅਦ ਕਤਲ ਦਾ ਖੁਲਾਸਾ ਹੋਇਆ। ਮ੍ਰਿਤਕ ਨੌਜਵਾਨ ਦੀ ਲਾਸ਼ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਬੱਲੋਕੇ ਨੇੜੇ ਨਹਿਰ ਵਿੱਚੋਂ ਬਰਾਮਦ ਕੀਤੀ ਸੀ।

 

ਜਾਂਚ ਦੌਰਾਨ ਪਤਾ ਲੱਗਾ ਕਿ ਕਥਿਤ ਦੋਸ਼ੀਆਂ ਨੇ 21 ਸਤੰਬਰ ਦੀ ਰਾਤ ਕਰੀਬ 9 ਵਜੇ ਉਸ ਦੀ ਕਾਰ ਬੁੱਕ ਕਰਵਾਉਣ ਦੇ ਨਾਂ 'ਤੇ ਬੁਲਾਇਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਸੀ। ਡੀਐਸਪੀ ਤਪਾ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੇ ਚਾਰ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਨੌਜਵਾਨ ਦੀ ਮੌਤ ਦੇ ਕਾਰਨ ਘਰ 'ਚ ਸਿਰਫ ਉਸ ਦੀ ਮਾਂ ਅਤੇ ਨਵ-ਵਿਆਹੀ ਪਤਨੀ ਹੀ ਰਹਿ ਗਏ ਹਨ। 


ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮ੍ਰਿਤਕ ਨੌਜਵਾਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਤੌਰ 'ਤੇ ਮ੍ਰਿਤਕ ਨੌਜਵਾਨ ਨੂੰ ਲੱਭਣ ਲਈ ਉਸ ਦੇ ਕੁਝ ਸਾਥੀਆਂ ਨੂੰ ਹਿਰਾਸਤ 'ਚ ਲਿਆ ਸੀ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਕੁਝ ਦੋਸਤਾਂ ਵੱਲੋਂ ਇਹ ਕਬੂਲ ਕੀਤਾ ਗਿਆ ਕਿ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਨੂੰ ਘਰੋਂ ਬੁਲਾਇਆ ਸੀ ਅਤੇ ਉਸਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ।