ਬਿਲਾਸਪੁਰ : ਛੱਤੀਸਗੜ੍ਹ ਹਾਈਕੋਰਟ ਨੇ ਇਕ ਅਹਿਮ ਫ਼ੈਸਲੇ 'ਚ ਕਿਹਾ ਹੈ ਕਿ ਪਤਨੀ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਦਾਜ ਤਸ਼ੱਦਦ ਨੂੰ ਹਥਿਆਰ ਵਜੋਂ ਵਰਤਣਾ ਪਤੀ ਅਤੇ ਸਹੁਰੇ ਪਰਿਵਾਰ ਨਾਲ ਬੇਰਹਿਮੀ ਵਾਲਾ ਵਤੀਰਾ ਹੈ। ਅਜਿਹੇ 'ਚ ਵਿਆਹ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਮੇਲ-ਮਿਲਾਪ ਸੰਭਵ ਨਹੀਂ ਹੁੰਦਾ। ਦੋਵਾਂ ਪਰਿਵਾਰਾਂ 'ਚ ਦੁਸ਼ਮਣੀ ਪੈਦਾ ਹੋ ਜਾਂਦੀ ਹੈ। ਹਾਈਕੋਰਟ ਨੇ ਪਟੀਸ਼ਨਕਰਤਾ ਡਾਕਟਰ ਨੂੰ ਰਾਹਤ ਦਿੰਦੇ ਹੋਏ ਤਲਾਕ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਪਟੀਸ਼ਨਕਰਤਾ ਨੂੰ ਉਸ ਦੀ ਅਧਿਆਪਕ ਪਤਨੀ ਨੂੰ ਗੁਜ਼ਾਰੇ ਲਈ 15,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ।


ਸਰਗੁਜਾ ਜ਼ਿਲ੍ਹੇ ਦੇ ਚਾਂਦਨੀ ਥਾਣਾ ਖੇਤਰ ਦੀ ਰਹਿਣ ਵਾਲੀ ਇਸ ਔਰਤ ਦਾ ਵਿਆਹ ਸਾਲ 1993 'ਚ ਡਾ. ਰਾਮਕੇਸ਼ਵਰ ਸਿੰਘ ਨਾਲ ਹੋਇਆ ਸੀ। ਮਹਿਲਾ ਕੋਰਬਾ ਜ਼ਿਲ੍ਹੇ ਦੇ ਇੱਕ ਨਿੱਜੀ ਸਕੂਲ 'ਚ ਅਧਿਆਪਕਾ ਹੈ। ਡਾ. ਰਾਮਕੇਸ਼ਵਰ ਕੋਂਡਗਾਓਂ 'ਚ ਮਰਦਾਪਾਲ ਪ੍ਰਾਇਮਰੀ ਹੈਲਥ ਸੈਂਟਰ 'ਚ ਤਾਇਨਾਤ ਹਨ। ਵਿਆਹ ਦੇ ਇਕ ਸਾਲ ਬਾਅਦ ਹੀ ਆਪਸੀ ਅਣਬਣ ਕਾਰਨ ਪਤੀ-ਪਤਨੀ 'ਚ ਝਗੜਾ ਹੋ ਗਿਆ ਅਤੇ ਦੋਵੇਂ ਵੱਖ-ਵੱਖ ਰਹਿਣ ਲੱਗ ਪਏ।


3 ਸਾਲ ਬਾਅਦ ਡਾ. ਸਿੰਘ ਨੇ ਤਲਾਕ ਲੈਣ ਲਈ ਫੈਮਿਲੀ ਕੋਰਟ 'ਚ ਸ਼ਿਕਾਇਤ ਦਾਇਰ ਕੀਤੀ ਸੀ। ਡਾਕਟਰ ਪਤੀ ਵੱਲੋਂ ਫੈਮਿਲੀ ਕੋਰਟ 'ਚ ਤਲਾਕ ਦੀ ਸ਼ਿਕਾਇਤ ਦਾਇਰ ਕਰਨ ਬਾਰੇ ਪਤਾ ਲੱਗਿਆ ਤਾਂ ਪਤਨੀ ਨੇ ਚਾਂਦਨੀ ਥਾਣੇ 'ਚ ਪਤੀ ਖ਼ਿਲਾਫ਼ ਦਾਜ ਲਈ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ।


ਪੁਲਿਸ ਨੇ ਡਾਕਟਰ ਪਤੀ ਤੋਂ ਇਲਾਵਾ ਸੱਸ, ਸਹੁਰਾ, ਜੀਜਾ ਅਤੇ ਭਰਜਾਈ ਦੇ ਖ਼ਿਲਾਫ਼ ਧਾਰਾ 498 ਏ ਤਹਿਤ ਮਾਮਲਾ ਦਰਜ ਕੀਤਾ ਸੀ। ਔਰਤ ਨੇ ਆਪਣੇ ਪਤੀ ਅਤੇ ਸਹੁਰੇ ਵਾਲਿਆਂ 'ਤੇ ਦਾਜ ਵਜੋਂ 1 ਲੱਖ ਰੁਪਏ ਦੀ ਮੰਗ ਕਰਨ ਅਤੇ ਨਾ ਦੇਣ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਹੇਠਲੀ ਅਦਾਲਤ 'ਚ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਪਤਨੀ ਦੋਸ਼ ਸਾਬਤ ਨਹੀਂ ਕਰ ਸਕੀ। ਕੇਸ ਦੀ ਸੁਣਵਾਈ ਤੋਂ ਬਾਅਦ ਹੇਠਲੀ ਅਦਾਲਤ ਨੇ ਡਾਕਟਰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ।


ਫੈਮਿਲੀ ਕੋਰਟ ਨੇ ਖਾਰਜ ਕੀਤੀ ਸ਼ਿਕਾਇਤ
ਇਸ ਦੌਰਾਨ ਡਾਕਟਰ ਦੀ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਪਰਿਵਾਰਕ ਅਦਾਲਤ ਨੇ ਤਲਾਕ ਦੀ ਪਟੀਸ਼ਨ ਖਾਰਜ ਕਰ ਦਿੱਤੀ। ਫੈਮਿਲੀ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਡਾਕਟਰ ਨੇ ਆਪਣੇ ਵਕੀਲ ਰਾਹੀਂ ਛੱਤੀਸਗੜ੍ਹ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਤਲਾਕ ਦੀ ਮੰਗ ਕੀਤੀ ਹੈ।


ਸਦਮੇ ਕਾਰਨ ਮਾਂ ਦੀ ਹੋ ਗਈ ਮੌਤ
ਪਟੀਸ਼ਨਰ ਡਾਕਟਰ ਨੇ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ ਉਸ ਤੋਂ ਇਲਾਵਾ ਪਤਨੀ ਅਤੇ ਸਹੁਰੇ ਪਰਿਵਾਰ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾ ਕੇ ਮਾਂ, ਪਿਤਾ ਅਤੇ ਰਿਸ਼ਤੇਦਾਰਾਂ ਨੂੰ ਝੂਠੇ ਕੇਸ 'ਚ ਫਸਾਇਆ ਹੈ। ਹੇਠਲੀ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸਦਮੇ ਨਾਲ ਮਾਂ ਦੀ ਮੌਤ ਹੋ ਗਈ। ਇਸ ਦੌਰਾਨ ਪਤਨੀ ਵੀ ਘਰ ਨਹੀਂ ਆਈ।


ਡਿਵੀਜ਼ਨ ਬੈਂਚ ਨੇ ਕੀਤੀ ਟਿੱਪਣੀ
ਇਸ ਮਾਮਲੇ ਦੀ ਸੁਣਵਾਈ ਜਸਟਿਸ ਗੌਤਮ ਭਾਦੁੜੀ ਅਤੇ ਜਸਟਿਸ ਰਜਨੀ ਦੂਬੇ ਦੀ ਡਿਵੀਜ਼ਨ ਬੈਂਚ 'ਚ ਹੋਈ। ਡਿਵੀਜ਼ਨ ਬੈਂਚ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਦੋਸ਼ ਲਗਾ ਰਹੀਆਂ ਹਨ। ਆਪਸੀ ਸਮਝਦਾਰੀ ਅਤੇ ਸਦਭਾਵਨਾ ਦੀ ਕਮੀ ਹੈ। ਦੋਵੇਂ 1996 ਤੋਂ ਵੱਖ ਰਹਿ ਰਹੇ ਹਨ ਅਤੇ ਇੱਕ-ਦੂਜੇ ਦੇ ਖ਼ਿਲਾਫ਼ ਮੁਕੱਦਮਾ ਵੀ ਕਰ ਰਹੇ ਹਨ।