Gold Smuggling Case: ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ ਤਸਕਰਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਕਸਟਮ ਵਿਭਾਗ ਤੇ ਡੀਆਰਆਈ (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਵੱਲੋਂ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਲੱਗਦਾ ਹੈ ਕਿ ਸਮੱਗਲਰਾਂ ਨੇ ਸੋਨੇ ਦੀ ਤਸਕਰੀ ਦਾ ਤਰੀਕਾ ਬਦਲ ਲਿਆ ਹੈ। ਤਸਕਰ ਵਿਦੇਸ਼ਾਂ ਤੋਂ ਸੋਨੇ ਨੂੰ ਬਿਸਕੁਟ ਤੇ ਇੱਟਾਂ ਦੀ ਬਜਾਏ ਪੇਸਟ ਦੇ ਰੂਪ ਵਿੱਚ ਪ੍ਰਾਈਵੇਟ ਪਾਰਟਸ ਵਿੱਚ ਛੁਪਾ ਕੇ ਲਿਆ ਰਹੇ ਹਨ।


ਜ਼ਿਆਦਾਤਰ ਸੋਨੇ ਦੇ ਤਸਕਰ ਹਵਾਈ ਜਹਾਜ਼ ਰਾਹੀਂ ਦੁਬਈ ਤੋਂ ਜੈਪੁਰ ਤੱਕ ਭਾਰੀ ਮਾਤਰਾ ਵਿੱਚ ਸੋਨਾ ਲਿਆ ਰਹੇ ਹਨ। ਏਅਰਪੋਰਟ 'ਤੇ ਫੜੇ ਗਏ ਸੋਨੇ ਦੀ ਤਸਕਰੀ ਦੇ ਨਵੇਂ ਤਰੀਕੇ ਨੂੰ ਦੇਖ ਕੇ ਖੁਦ ਕਸਟਮ ਵਿਭਾਗ ਤੇ ਡੀਆਰਆਈ ਦੇ ਅਧਿਕਾਰੀ ਵੀ ਹੈਰਾਨ ਹਨ। ਪਿਛਲੇ ਸਾਲ ਜੈਪੁਰ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ 26 ਮਾਮਲੇ ਸਾਹਮਣੇ ਆਏ ਸੀ। ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦਾ ਸੋਨਾ ਵੀ ਜ਼ਬਤ ਕੀਤਾ ਗਿਆ। ਇਸ ਸਾਲ ਵੀ ਸੋਨੇ ਦੀ ਤਸਕਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।


ਸੋਨੇ ਦੀ ਤਸਕਰੀ ਦੇ ਇੱਕ ਤੋਂ ਵੱਧ ਕੇ ਇੱਕ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਅੰਡਰਗਾਰਮੈਂਟਸ, ਬ੍ਰੀਫਕੇਸ, ਇਲੈਕਟ੍ਰਾਨਿਕ ਯੰਤਰਾਂ ਵਿੱਚ ਛੁਪਾ ਕੇ ਸੋਨਾ ਲਿਆਂਦਾ ਜਾਂਦਾ ਸੀ। ਹੁਣ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛੁਪਾ ਕੇ ਸੋਨਾ ਲਿਆਂਦਾ ਜਾ ਰਿਹਾ ਹੈ। ਸੋਨੇ ਦੀ ਤਸਕਰੀ ਦੇ ਕੁਝ ਮਾਮਲੇ ਇਸ ਪ੍ਰਕਾਰ ਹਨ। ਇਸ ਸਾਲ ਹੁਣ ਤੱਕ ਏਅਰਪੋਰਟ 'ਤੇ ਸੋਨੇ ਦੀ ਤਸਕਰੀ ਦੇ 11 ਮਾਮਲੇ ਫੜੇ ਗਏ ਹਨ, ਜਿਨ੍ਹਾਂ 'ਚ ਕਰੀਬ 5.500 ਗ੍ਰਾਮ ਸੋਨਾ ਬਰਾਮਦ ਹੋਇਆ ਹੈ।


ਕੇਸ 1: ਆਪਰੇਸ਼ਨ ਤੋਂ ਬਾਅਦ 1 ਕਿਲੋ ਸੋਨਾ ਕੱਢਿਆ ਗਿਆ


ਪਿਛਲੇ ਮਹੀਨੇ ਹਵਾਈ ਅੱਡੇ 'ਤੇ ਤਿੰਨ ਯਾਤਰੀ ਫੜੇ ਗਏ। ਇੱਕ ਦੇ ਮੂੰਹ ਵਿੱਚ ਸੋਨਾ ਸੀ ਤੇ ਦੋ ਯਾਤਰੀ ਗੁਪਤ ਅੰਗ ਵਿੱਚ ਛੁਪਾ ਕੇ ਸੋਨਾ ਲਿਆ ਰਹੇ ਸੀ। ਸ਼ੱਕ ਪੈਣ 'ਤੇ ਜਾਂਚ 'ਚ ਤਿੰਨਾਂ ਯਾਤਰੀਆਂ ਦੇ ਸਰੀਰ 'ਚ ਸੋਨਾ ਮੌਜੂਦ ਹੋਣ ਦਾ ਖੁਲਾਸਾ ਹੋਇਆ।


ਕੇਸ 2: ਯਾਤਰੀ ਦੇ ਸਰੀਰ ਚੋਂ ਅੱਧਾ ਕਿਲੋ ਸੋਨਾ ਬਰਾਮਦ


ਇਸ ਸਾਲ ਜਨਵਰੀ ਵਿਚ ਇੱਕ ਯਾਤਰੀ ਆਪਣੇ ਸਰੀਰ ਵਿੱਚ ਛੁਪਾ ਕੇ ਅੱਧਾ ਕਿਲੋ ਸੋਨਾ ਲੈ ਕੇ ਆਇਆ ਸੀ। ਉਸ ਨੂੰ ਸ਼ੱਕ ਦੇ ਆਧਾਰ 'ਤੇ ਲੰਬੇ ਸਮੇਂ ਤੱਕ ਹਵਾਈ ਅੱਡੇ 'ਤੇ ਰੋਕਿਆ ਗਿਆ। ਜਦੋਂ ਚਾਰ ਕੈਪਸੂਲ ਪੇਟ ਵਿੱਚ ਰਹਿ ਗਏ ਤਾਂ ਯਾਤਰੀ ਨੂੰ ਤਕਲੀਫ਼ ਹੋਣ ਲੱਗੀ। ਫਿਰ ਉਸ ਨੇ ਕਸਟਮ ਅਧਿਕਾਰੀਆਂ ਨੂੰ ਸ਼ਰੀਰ ਵਿੱਚ ਛੁਪਾਏ ਹੋਏ ਸੋਨੇ ਦੀ ਸੂਚਨਾ ਦਿੱਤੀ। ਯਾਤਰੀ ਦੇ ਪੇਟ 'ਚੋਂ ਪੇਸਟ ਦੇ ਰੂਪ 'ਚ ਬਣੇ 25 ਲੱਖ ਰੁਪਏ ਦੇ ਸੋਨੇ ਦੇ ਦੋ ਕੈਪਸੂਲ ਕੱਢੇ ਗਏ।


ਕੇਸ 3: ਜੀਭ ਦੇ ਹੇਠਾਂ ਸੋਨੇ ਦੇ ਦੋ ਬਟਨ


ਇਸ ਸਾਲ ਫਰਵਰੀ 'ਚ ਇੱਕ ਯਾਤਰੀ ਜੀਭ ਦੇ ਹੇਠਾਂ 5.79 ਲੱਖ ਰੁਪਏ ਦੇ ਸੋਨੇ ਦੇ ਦੋ ਬਟਨ ਲੈ ਕੇ ਆਇਆ ਸੀ। ਹਵਾਈ ਅੱਡੇ 'ਤੇ ਯਾਤਰੀ ਦੇ ਮੂੰਹ 'ਚੋਂ 117 ਗ੍ਰਾਮ ਵਜ਼ਨ ਦੇ ਦੋਵੇਂ ਬਟਨ ਬਰਾਮਦ ਕੀਤੇ।


ਕੇਸ 4: 58 ਸੋਨੇ ਦੇ ਕੈਪਸੂਲ ਪੇਸਟ ਦੇ ਤੌਰ 'ਤੇ ਬਰਾਮਦ ਕੀਤੇ


ਹਾਲ ਹੀ 'ਚ ਏਅਰਪੋਰਟ 'ਤੇ ਇੱਕ ਯਾਤਰੀ ਫੜਿਆ। ਯਾਤਰੀ ਪੇਟ ਵਿੱਚ ਪੇਸਟ ਦੇ ਰੂਪ ਵਿੱਚ ਬਣੇ ਸੋਨੇ ਦੇ 58 ਕੈਪਸੂਲ ਲੈ ਕੇ ਆਇਆ। ਹਸਪਤਾਲ 'ਚ ਇਲਾਜ ਦੌਰਾਨ ਯਾਤਰੀ ਦੇ ਰਿਮਾਂਡ ਦੀ ਮਿਆਦ ਪੂਰੀ ਹੋਣ 'ਤੇ ਸੋਨਾ ਜ਼ਬਤ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।


ਕੇਸ 5: ਜੁੱਤੀਆਂ ਵਿੱਚ ਲੁਕਾਇਆ 19.45 ਲੱਖ ਰੁਪਏ ਦਾ ਸੋਨਾ ਜ਼ਬਤ


ਇਸ ਸਾਲ ਇੱਕ ਯਾਤਰੀ ਨੇ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਬੈਗ 'ਚੋਂ ਦੂਜੀ ਜੁੱਤੀ ਕੱਢ ਕੇ ਪਾਈ। ਸ਼ੱਕ ਹੋਣ 'ਤੇ ਪਹਿਲੇ ਅਧਿਕਾਰੀਆਂ ਨੇ ਜੁੱਤੀਆਂ ਦੀ ਜਾਂਚ ਕੀਤੀ ਅਤੇ ਜੁੱਤੀ ਚੋਂ ਪੇਸਟ ਦੇ ਰੂਪ 'ਚ ਸੋਨਾ ਮਿਲਿਆ। ਜਦੋਂ ਉਸ ਨੇ ਏਅਰਪੋਰਟ ਦੇ ਬਾਹਰ ਜੁੱਤੀ ਬਦਲੀ ਤਾਂ ਉਸ ਕੋਲੋਂ 19.45 ਲੱਖ ਦਾ ਸੋਨਾ ਫੜਿਆ ਗਿਆ।


ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗੀਆਂ ਸੁਰੱਖਿਆ ਬਲਾਂ ਦੀਆਂ 10 ਕੰਪਨੀਆਂ? ਰਾਜਾ ਵੜਿੰਗ ਬੋਲੇ ਮਾਨ ਸਾਹਬ ਤੁਸੀਂ ਪੰਜਾਬ ਦੀ ਸੁਰੱਖਿਆ 'ਚ ਅਸਫਲ ਹੋ?