School bus Accident : ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਫਤੇਪੁਰ 'ਚ ਹਾਰਵਰਡ ਇੰਟਰ ਨੈਸ਼ਨਲ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਖੁਸ਼ਕਿਸਮਤੀ ਨਾਲ ਸਕੂਲ ਦੇ ਬੱਚੇ ਵਾਲ-ਵਾਲ ਬਚ ਗਏ ਹਨ ,ਜਦਕਿ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੱਸ 'ਚ 30 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਭੇਜ ਦਿੱਤਾ ਗਿਆ ਹੈ।

 
ਦੱਸ ਦੇਈਏ ਕਿ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਦੌਰਾਨ ਸਕੂਲੀ ਬੱਸਾਂ ਅਤੇ ਹੋਰ ਹਾਦਸਿਆਂ ਵਿੱਚ ਵਿਦਿਆਰਥੀਆਂ ਦੀਆਂ ਮੌਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਡੀਐਸਪੀ ਟਰੈਫ਼ਿਕ ਜ਼ਿਲ੍ਹਾ ਹੁਸ਼ਿਆਰਪੁਰ ਰਵਿੰਦਰ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜਿਨ੍ਹਾਂ ਸਕੂਲਾਂ ਨੇ ਆਟੋ ਜਾਂ ਈ-ਰਿਕਸ਼ਾ ਲਗਾਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੇਖਿਆ ਜਾਵੇ ਤਾਂ ਵੈਨਾਂ ਅਤੇ ਸਕੂਲੀ ਬੱਸਾਂ 'ਚ ਬੱਚਿਆਂ ਦੀ ਗਿਣਤੀ ਵੱਧ ਪਾਈ ਜਾਂਦੀ ਹੈ। ਇਸ ’ਤੇ ਵਾਹਨ ਜ਼ਬਤ ਕਰਨ ਦੇ ਨਾਲ-ਨਾਲ ਸਕੂਲ ਪ੍ਰਬੰਧਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

 

ਡੀਐਸਪੀ ਟਰੈਫਿਕ ਜ਼ਿਲ੍ਹਾ ਹੁਸ਼ਿਆਰਪੁਰ ਰਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਲੈ ਜਾਣ ਵਾਲੇ ਵਾਹਨਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਰਿਹਾ। ਸਕੂਲੀ ਵਾਹਨਾਂ ਵਿੱਚ ਸੁਰੱਖਿਆ ਉਪਕਰਨਾਂ ਦਾ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਇੱਕ ਆਟੋ ਵਿੱਚ 10 ਤੋਂ 12 ਬੱਚੇ ਸਵਾਰ ਹੁੰਦੇ ਹਨ, ਜਿਸ ਕਾਰਨ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।

 

ਇੱਥੋਂ ਦੇ ਦਸੂਹਾ ਇਲਾਕੇ ਵਿੱਚ ਪਿਛਲੇ ਮਹੀਨੇ ਵੀ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ। ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ਦੌਰਾਨ ਸਕੂਲ ਬੱਸ ਵਿੱਚ ਕਰੀਬ 40 ਬੱਚੇ ਸਵਾਰ ਸਨ। ਇਸ ਘਟਨਾ 'ਚ 12 ਬੱਚਿਆਂ ਦੇ ਜ਼ਖਮੀ ਹੋਣ , ਜਦਕਿ ਇਕ ਬੱਚੇ ਦੀ ਮੌਤ ਹੋਣ ਦੀ ਵੀ ਖ਼ਬਰ ਆਈ ਸੀ। ਬੱਸ ਦੇ ਸੁਪਰਵਾਈਜ਼ਰ ਅਤੇ ਜ਼ਖ਼ਮੀ ਬੱਚਿਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਇਹ ਹਾਦਸਾ ਤਦ ਵਾਪਰਿਆ। ਜਦੋਂ ਟਾਂਡਾ ਤੋਂ ਇੱਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ।