Ludhiana News: ਮੁਹਾਲੀ ਦੀ ਇੱਕ ਮਾਡਲ ਨਾਲ ਮਿਲ ਕੇ ਕਾਰੋਬਾਰੀਆਂ ਨੂੰ ਬਲੈਕਮੇਲ ਕਰਨ ਵਾਲੇ ਕਾਂਗਰਸੀ ਆਗੂ ਲੱਕੀ ਸੰਧੂ ਨੇ ਪੰਜਾਬ ਪੁਲਿਸ ਤੇ ਜੇਲ੍ਹ ਪ੍ਰਸਾਸ਼ਨ ਨੂੰ ਗਧੀਗੇੜ ਵਿੱਚ ਪਾਇਆ ਹੋਇਆ ਹੈ। ਇਲਾਜ ਦੇ ਬਹਾਨੇ ਜੇਲ੍ਹ ਵਿੱਚੋਂ ਬਾਹਰ ਆ ਕੇ ਭੰਗੜੇ ਪਾਉਂਦੇ ਲੱਕੀ ਸੰਧੂ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਤੇ ਜੇਲ੍ਹ ਪ੍ਰਸਾਸ਼ਨ ਨੂੰ ਵੱਡੀ ਨਿਮੋਸ਼ੀ ਝੱਲਣੀ ਪੈ ਰਹੀ ਹੈ।
ਇਸ ਮਗਰੋਂ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। ਲੱਕੀ ਸੰਧੂ ਨੂੰ ਪੀਜੀਆਈ ਲੈ ਕੇ ਜਾਣ ਵਾਲੇ ਏਐਸਆਈ ਕੁਲਦੀਪ ਸਿੰਘ ਤੇ ਏਐਸਆਈ ਮੰਗਲ ਸਿੰਘ ਖਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਧਰ, ਲੁਧਿਆਣਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸਵਰਾਜ ਸਿੰਘ ਨੇ ਕਿਹਾ ਕਿ ਲੱਕੀ ਸੰਧੂ ਦੇ ਚੈੱਕਅਪ ਮਗਰੋਂ ਉਸ ਨੂੰ ਰੀੜ ਦੀ ਹੱਡੀ ’ਚ ਦਿੱਕਤ ਦੱਸੀ ਗਈ ਸੀ। ਡਾਕਟਰਾਂ ਦੇ ਕਹਿਣ ’ਤੇ ਉਸ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਸੀ। ਪੀਜੀਆਈ ’ਚ ਚੈਕਅੱਪ ਤੋਂ ਬਾਅਦ ਹੀ ਉਹ ਵਿਆਹ ਸਮਾਗਮ ’ਚ ਗਿਆ।
ਦਰਅਸਲ ਪਿਛਲੇ ਦਿਨੀਂ ਪੀਜੀਆਈ ਇਲਾਜ ਕਰਵਾਉਣ ਦੇ ਨਾਂ ’ਤੇ ਲੱਕੀ ਸੰਧੂ ਜੇਲ੍ਹ ’ਚੋਂ ਬਾਹਰ ਆਇਆ ਤੇ ਕੱਪੜੇ ਬਦਲ ਕੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ’ਚ ਪੁੱਜ ਗਿਆ। ਵਿਆਹ ਦੀ ਵੀਡੀਓ ਵਾਇਰਲ ਹੋਣ ਮਗਰੋਂ ਜੇਲ੍ਹ ਵਿਭਾਗ ਤੇ ਪੁਲਿਸ ਮਹਿਕਮੇ ਨੂੰ ਭਾਜੜਾਂ ਪੈ ਗਈਆਂ। ਲੱਕੀ ਸੰਧੂ ਖ਼ਿਲਾਫ਼ ਕੇਸ ਦਰਜ ਕਰਵਾਉਣ ਵਾਲੇ ਗੁਰਬੀਰ ਸਿੰਘ ਗਰਚਾ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਡੀਜੀਪੀ ਗੌਰਵ ਯਾਦਵ ਨੂੰ ਕੀਤੀ ਹੈ। ਉਸ ਨੇ ਸ਼ਿਕਾਇਤ ਨਾਲ ਵਿਆਹ ਦੀ ਵੀਡੀਓ ਵੀ ਅਟੈਚ ਕੀਤੀ ਹੈ।
ਦੱਸ ਦਈਏ ਕਿ ਸੰਨ 2022 ਵਿੱਚ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਟਿਕਟ ਦੀ ਦਾਅਵੇਦਾਰੀ ਕਰਨ ਵਾਲੇ ਲੱਕੀ ਸੰਧੂ ਦਾ ਨਾਮ ਉਸ ਸਮੇਂ ਸੁਰਖੀਆਂ ਵਿੱਚ ਆਇਆ, ਜਦੋਂ ਮੁਹਾਲੀ ਦੀ ਇਕ ਮਾਡਲ ਨੇ ਸ਼ਹਿਰ ਦੇ ਵਪਾਰੀਆਂ ਨੂੰ ਬਲੈਕਮੇਲ ਕੀਤਾ ਸੀ। ਲੱਕੀ ਸੰਧੂ ਪਿਛਲੇ ਕਾਫ਼ੀ ਸਮੇਂ ਤੋਂ ਜੇਲ੍ਹ ’ਚ ਬੰਦ ਸੀ। ਇਸ ਦੌਰਾਨ ਉਸ ਨੇ ਬਿਮਾਰੀ ਦਾ ਬਹਾਨਾ ਬਣਾਇਆ ਤੇ ਜੇਲ੍ਹ ਤੋਂ ਸਿਵਲ ਹਸਪਤਾਲ ਇਲਾਜ ਕਰਵਾਉਣ ਲਈ ਪੁੱਜ ਗਿਆ।
ਜਦੋਂ ਉਸ ਨੂੰ ਪੀਜੀਆਈ ਚੈਕਅੱਪ ਲਈ ਆਖਿਆ ਗਿਆ ਤਾਂ ਜੇਲ੍ਹ ਪ੍ਰਸ਼ਾਸਨ ਨੇ ਜ਼ਿਲ੍ਹਾ ਪੁਲਿਸ ਨੂੰ ਉਸ ਨੂੰ ਪੀਜੀਆਈ ਲਿਜਾਣ ਦੇ ਹੁਕਮ ਦਿੱਤੇ। ਜ਼ਿਲ੍ਹਾ ਪੁਲਿਸ ਵੱਲੋਂ ਏਐਸਆਈ ਮੰਗਲ ਸਿੰਘ ਤੇ ਏਐਸਆਈ ਕੁਲਦੀਪ ਸਿੰਘ ਦੀ ਡਿਊਟੀ ਲੱਕੀ ਸੰਧੂ ਨੂੰ ਪੀਜੀਆਈ ਲਿਜਾਣ ਲਈ ਲਾਈ ਗਈ। ਦੋਵੇਂ ਏਐਸਆਈ ਲੱਕੀ ਸੰਧੂ ਨੂੰ ਇਲਾਜ ਲਈ ਜੇਲ੍ਹ ’ਚੋਂ ਪੀਜੀਆਈ ਲਈ ਲੈ ਕੇ ਨਿਕਲੇ। ਮਗਰੋਂ ਉਹ ਦੋਵੇਂ ਉਸ ਨੂੰ ਪੀਜੀਆਈ ਦੀ ਥਾਂ ਰਾਏਕੋਟ ਵਿੱਚ ਵਿਆਹ ਸਮਾਗਮ ਵਿਖੇ ਲਿਜਾਣ ਲਈ ਰਾਜ਼ੀ ਹੋ ਗਏ।