Raipur Viral Video: ਛੱਤੀਸਗੜ੍ਹ ਦੇ ਰਾਏਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਇੱਕ ਸਨਕੀ ਸ਼ਖ਼ਸ ਨੇ ਪਹਿਲਾਂ ਇੱਕ ਨਾਬਾਲਗ ਕੁੜੀ 'ਤੇ ਗੰਡਾਸੇ ਨਾਲ ਹਮਲਾ ਕੀਤਾ ਅਤੇ ਫਿਰ ਖੁੱਲ੍ਹੇਆਮ ਉਸ ਨੂੰ ਵਾਲਾਂ ਤੋਂ ਫੜ ਸੜਕ 'ਤੇ ਘੜੀਸਦਾ ਰਿਹਾ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ, ਉਸ ਦੀ ਰੂਹ ਕੰਬ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਇਸ 16 ਸਾਲਾ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ, ਜਿਸ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੋ ਗਿਆ। ਆਓ ਜਾਣਦੇ ਹਾਂ ਇਸ ਦਰਿੰਦਗੀ ਦੀ ਪੂਰੀ ਕਹਾਣੀ...


ਦਰਅਸਲ ਛੱਤੀਸਗੜ੍ਹ ਦੇ ਰਾਏਪੁਰ 'ਚ ਇਕ 47 ਸਾਲਾ ਸ਼ਖ਼ਸ ਨੇ 16 ਸਾਲਾ ਲੜਕੀ ਦੇ ਘਰ 'ਚ ਵੜ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਦੋਂ ਲੜਕੀ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ ਵਾਲਾਂ ਤੋਂ ਫੜ ਕੇ ਸੜਕ 'ਤੇ ਲੈ ਗਿਆ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਮੁਲਜ਼ਮ ਦੀ ਵੀਡੀਓ ਬਣਾ ਲਈ। ਸਿਰਫਿਰੇ ਨੇ ਇੱਕ ਹੱਥ 'ਚ ਗੰਡਾਸਾ ਅਤੇ ਦੂਜੇ ਹੱਥ 'ਚ ਕੁੜੀ ਦੇ ਵਾਲ ਫੜੇ ਹੋਏ ਸਨ। ਦੱਸਿਆ ਗਿਆ ਕਿ ਮੁਲਜ਼ਮਾਂ ਨੇ ਉਸ ਦੇ ਹੱਥ 'ਤੇ ਗੰਡਾਸੇ ਨਾਲ ਹਮਲਾ ਵੀ ਕੀਤਾ ਸੀ।


ਜਾਨਲੇਵਾ ਹਮਲੇ ਦਾ ਇਹ ਸੀ ਕਾਰਨ


ਜੇ ਹੁਣ ਇਸ ਜਾਨਲੇਵਾ ਹਮਲੇ ਦੇ ਪਿੱਛੇ ਦਾ ਕਾਰਨ ਦੱਸੀਏ ਤਾਂ ਇਹ ਕਾਫ਼ੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਘਟਨਾ ਹੈ। ਦਰਅਸਲ ਲੜਕੀ ਮੁਲਜ਼ਮ ਓਂਕਾਰ ਤਿਵਾਰੀ ਦੀ ਦੁਕਾਨ 'ਤੇ ਕੰਮ ਕਰਦੀ ਸੀ। ਇਸ ਦੌਰਾਨ ਉਸ ਦੀ ਮਾੜੀ ਨਜ਼ਰ ਲੜਕੀ 'ਤੇ ਪੈ ਗਈ। ਇਸ ਤੋਂ ਬਾਅਦ ਮੁਲਜ਼ਮ ਤਿਵਾਰੀ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਹ ਉਸ ਨੂੰ ਆਪਣੀ ਪਤਨੀ ਬਣਾ ਕੇ ਰੱਖਣਾ ਚਾਹੁੰਦਾ ਹੈ। ਪਰਿਵਾਰ ਵਾਲਿਆਂ ਨੇ ਇਨਕਾਰ ਕੀਤਾ ਤਾਂ ਓਂਕਾਰ ਤਿਵਾਰੀ ਗੁੱਸੇ 'ਚ ਆ ਕੇ ਉਨ੍ਹਾਂ ਦੇ ਘਰ ਪਹੁੰਚ ਗਿਆ। ਇਸ ਦੌਰਾਨ ਉਸ ਦੇ ਹੱਥ 'ਚ ਗੰਡਾਸਾ ਸੀ। ਉਸ ਨੇ ਲੜਕੀ ਨੂੰ ਬੁਲਾ ਕੇ ਸਿੱਧਾ ਹਮਲਾ ਕਰ ਦਿੱਤਾ।



ਜ਼ਿੰਦਾ ਸਾੜਨਾ ਚਾਹੁੰਦਾ ਸੀ ਮੁਲਜ਼ਮ


ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਤਿਵਾੜੀ ਦੀ ਯੋਜਨਾ ਲੜਕੀ ਨੂੰ ਜ਼ਿੰਦਾ ਸਾੜਨ ਦੀ ਸੀ। ਉਸ ਨੇ ਗੰਡਾਸੇ ਤੋਂ ਇਲਾਵਾ ਮਿੱਟੀ ਦਾ ਤੇਲ ਵੀ ਪਾਇਆ ਸੀ। ਜਦੋਂ ਲੜਕੀ 'ਤੇ ਗੰਡਾਸੇ ਨਾਲ ਹਮਲਾ ਕੀਤਾ ਗਿਆ ਤਾਂ ਉਹ ਆਪਣੀ ਜਾਨ ਬਚਾਉਣ ਲਈ ਸੜਕ ਵੱਲ ਭੱਜੀ ਪਰ ਖੂਨ ਨਾਲ ਲੱਥਪੱਥ ਹਾਲਤ 'ਚ ਸੜਕ 'ਤੇ ਡਿੱਗ ਪਈ। ਫਿਰ ਮੁਲਜ਼ਮ ਉਸ ਨੂੰ ਵਾਲਾਂ ਨਾਲ ਫੜ ਕੇ ਸੜਕ 'ਤੇ ਲੈ ਗਿਆ। ਇਹ ਖੌਫ਼ਨਾਕ ਮੰਜ਼ਰ ਲਗਭਗ ਇਕ ਘੰਟੇ ਤੱਕ ਚੱਲਦਾ ਰਿਹਾ। ਇਸ ਦੌਰਾਨ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ। ਬਾਅਦ 'ਚ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


ਫਿਲਹਾਲ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਇਸ ਮਾਮਲੇ 'ਚ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਲੜਕੀ ਦੇ ਠੀਕ ਹੋਣ ਦਾ ਵੀ ਇੰਤਜ਼ਾਰ ਹੈ, ਜਿਸ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ ਜਾਣਗੇ। ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਲੋਕ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ ਅਤੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।