School Teacher Murder Case: 9 ਮਈ ਦੀ ਸਵੇਰੇ ਨੂੰ ਸ਼ੇਰਪੁਰ ਨੇੜਲੇ ਪਿੰਡ ਵਜੀਦਪੁਰ ਬਦੇਸ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਤਾਇਨਾਤ ਇਕ ਅਧਿਆਪਕ ਦਾ ਸਕੂਲ ਜਾਂਦੇ ਸਮੇਂ ਅਣਪਛਾਤੇ ਵਿਅਕਤੀਆਂ ਨੇ ਛਾਤੀ 'ਚ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਸੀ। ਜਿਸਦੇ ਚੱਲਦੇ ਪੁਲਿਸ ਨੇ ਅਧਿਆਪਕ ਦੇ ਕਾਤਿਲਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਹੀ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ।



ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ


ਇਸ ਸਬੰਧੀ ਡੀ.ਐਸ.ਪੀ ਧੂਰੀ ਤਲਵਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਘੀ 9 ਮਈ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾਂ ਵਿਖੇ ਬਤੌਰ ਅਧਿਆਪਕ ਤਾਇਨਾਤ ਮਾਲੇਰਕੋਟਲਾ ਦੇ ਸਾਹਿਬ ਸਿੰਘ ਜਿਸ ਦੀ ਉਮਰ 38 ਸਾਲਾਂ ਦੀ ਸੀ। ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਸੀ। ਸਾਹਿਬ ਸਿੰਘ ਉਸ ਦਿਨ ਆਪਣੇ ਮੋਟਰਸਾਇਕਲ ’ਤੇ ਡਿਊਟੀ ’ਤੇ ਗਿਆ ਸੀ ਅਤੇ ਬਾਅਦ ’ਚ ਉਸ ਦੇ ਪਿਤਾ ਨੂੰ ਸਕੂਲ ਦੇ ਹੈੱਡ ਟੀਚਰ ਤੋਂ ਇਤਲਾਹ ਮਿਲੀ ਸੀ ਕਿ ਸਾਹਿਬ ਸਿੰਘ ਦਾ ਵਜੀਦਪੁਰ ਬਦੇਸ਼ਾ ਦੀ ਡਰੇਨ ਦੀ ਪੱਟੜੀ ’ਤੇ ਕਿਸੇ ਨਾਮਾਲੂਮ ਵਿਅਕਤੀ/ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ।


ਤੁਰੰਤ ਪੁਲਿਸ ਨੇ ਕਾਤਲਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ


ਡੀ.ਐਸ.ਪੀ ਧੂਰੀ ਤਲਵਿੰਦਰ ਸਿੰਘ ਨੇ ਦੱਸਿਆਂ ਕਿ ਕਤਲ ਦੀ ਜਾਣਕਾਰੀ ਮਿਲਦੇ ਹੀ ਐਸ.ਪੀ (ਇਨਵੈਸਟੀਗੇਸ਼ਨ) ਸੰਗਰੂਰ ਪਲਵਿੰਦਰ ਸਿੰਘ ਚੀਮਾਂ ਅਤੇ ਡੀ.ਐਸ.ਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਟੈਕਨੀਕਲ ਅਤੇ ਫੋਰੈਂਸਿਕ ਟੀਮਾਂ ਦਾ ਗਠਨ ਕਰਕੇ ਕਾਤਲਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ। ਇਸ ਟੀਮ ’ਚ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ਼ ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਸ਼ੇਰਪੁਰ ਵੀ ਸ਼ਾਮਲ ਸਨ।


ਕਤਲ ਦੀ ਗੁੱਥੀ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੁਲਝਾਓਣ ’ਚ ਹਾਸਲ ਕੀਤੀ ਸਫਲਤਾ


ਉਨ੍ਹਾਂ ਦੱਸਿਆਂ ਕਿ ਉਨ੍ਹਾਂ ਇਸ ਕਤਲ ਦੀ ਗੁੱਥੀ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੁਲਝਾਓਣ ’ਚ ਸਫਲਤਾ ਹਾਸਲ ਕਰਦੇ ਹੋਏ ਦੋਸ਼ੀ ਜਗਤਾਰ ਸਿੰਘ ਉਰਫ ਤਾਰੀ ਪੁੱਤਰ ਭਿੰਦਰ ਸਿੰਘ ਅਤੇ ਹਰਜੋਤ ਸਿੰਘ ਉਰਫ ਜੋਤ ਪੁੱਤਰ ਜਸਵੀਰ ਸਿੰਘ ਵਾਸੀਆਣ ਕੰਗਣਵਾਲ (ਅਹਿਮਦਗੜ੍ਹ) ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਨੇ ਕਿ ਉਕਤ ਦਿਨ ਸਾਹਿਬ ਸਿੰਘ ਨੂੰ ਘੇਰਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।


ਜ਼ਿਕਰਯੋਗ ਹੈ ਕਿ ਦੋਸ਼ੀ ਜਗਤਾਰ ਸਿੰਘ (34) ਜੋ ਕਿ ਜੰਗਲਾਤ ਵਿਭਾਗ ਵਿਖੇ ਕੰਟਰੈਕਟ ਬੇਸ ’ਤੇ ਡਰਾਇਵਰ ਦੀ ਨੌਕਰੀ ਕਰਦਾ ਸੀ ਅਤੇ ਦੋਸ਼ੀ ਹਰਜੋਤ ਸਿੰਘ (18) ਜੀ.ਐਨ.ਯੂ ਲੁਧਿਆਣਾ ਵਿਖੇ ਆਈ.ਆਈ.ਟੀ ਦੀ ਪੜਾਈ ਕਰ ਰਿਹਾ ਸੀ ਵੱਲੋਂ ਇਹ ਕਤਲ ਕਿਸੇ ਪੁਰਾਣੀ ਰੰਜ਼ਿਸ਼ ਵੱਜੋਂ ਕੀਤਾ ਗਿਆ ਸੀ।