ਮੋਹਾਲੀ: ਮੋਹਾਲੀ ਦੇ ਸੈਕਟਰ-67 'ਚ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ 'ਚ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਨੌਜਵਾਨ ਨੂੰ ਗੋਲੀ ਲੱਗੀ ਹੈ ਤੇ ਉਸ ਦੇ ਨੱਕ 'ਚੋਂ ਖੂਨ ਨਿਕਲ ਰਿਹਾ ਹੈ। ਮ੍ਰਿਤਕ ਦੇ ਹੱਥ ਵਿੱਚ ਇੱਕ ਪਿਸਤੌਲ ਵੀ ਹੈ। ਇਹ ਖੁਦਕੁਸ਼ੀ ਹੈ ਜਾਂ ਕਤਲ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਮਾਮਲਾ ਸੈਕਟਰ-67 ਜਲਵਾਯੂ ਵਿਹਾਰ ਨੇੜੇ ਦਾ ਹੈ। ਨੌਜਵਾਨ ਦਾ ਘਰ ਮੌਕੇ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਦੋਸਤਾਂ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਗਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਤਾਂ ਰਾਤ ਨੂੰ ਜਦੋਂ ਉਸ ਦੀ ਮਾਂ ਨੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਤੁਸੀਂ ਸੌਂ ਜਾਓ, ਮੈਂ ਸਵੇਰੇ ਆ ਜਾਵਾਂਗਾ। ਸਵੇਰੇ ਜਦੋਂ ਉਸ ਦਾ ਵੱਡਾ ਲੜਕਾ ਆਪਣੀ ਪਤਨੀ ਨੂੰ ਛੱਡਣ ਜਾ ਰਿਹਾ ਸੀ ਤਾਂ ਉਸ ਨੇ ਘਰ ਤੋਂ 100 ਮੀਟਰ ਦੂਰ ਇਕ ਕਾਰ ਖੜ੍ਹੀ ਦੇਖੀ।
ਕਾਰ ਦਾ ਇੱਕ ਸਾਈਡ ਟੁੱਟ ਗਿਆ ਜਦੋਂਕਿ ਨੌਜਵਾਨ ਦੀ ਲਾਸ਼ ਅਗਲੀ ਸੀਟ 'ਤੇ ਪਈ ਸੀ। ਉਸ ਨੂੰ ਗੋਲੀ ਲੱਗੀ ਸੀ। ਮ੍ਰਿਤਕ ਦੇ ਹੱਥ ਵਿੱਚ ਇੱਕ ਪਿਸਤੌਲ ਹੈ। ਹਾਲਾਂਕਿ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨ ਕੋਲ ਕੋਈ ਹਥਿਆਰ ਨਹੀਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਨੌਜਵਾਨ ਪਹਿਲਾਂ ਇੱਕ ਬੈਂਕ ਵਿੱਚ ਕੰਮ ਕਰਦਾ ਸੀ। ਇਸ ਦੇ ਨਾਲ ਹੀ ਉਹ ਆਪਣੇ ਪਿਤਾ ਨਾਲ ਕਾਰੋਬਾਰ ਸੰਭਾਲਦਾ ਸੀ।
ਮੋਹਾਲੀ ਦੇ ਜਲ ਵਾਯੂ ਵਿਹਾਰ ਦੇ ਰਹਿਣ ਵਾਲੇ ਕਰਨਪਾਲ ਸ਼ਰਮਾ ਦੀ ਲਾਸ਼ ਬੁੱਧਵਾਰ ਸਵੇਰੇ ਕਰੀਬ 6 ਵਜੇ ਉਸਦੀ ਰਿਹਾਇਸ਼ ਨੇੜੇ ਉਸਦੀ ਹੁੰਡਈ ਕ੍ਰੇਟਾ ਕਾਰ ਵਿੱਚ ਮਿਲੀ। ਉਸ ਦੇ ਸਿਰ ਦੇ ਸੱਜੇ ਪਾਸੇ ਇੱਕ ਗੋਲੀ ਦਾ ਜ਼ਖ਼ਮ ਹੈ। ਜਿਸ ਪਿਸਤੌਲ ਤੋਂ ਗੋਲੀ ਚੱਲੀ ਹੈ, ਉਹ ਉਸਦੇ ਸੱਜੇ ਹੱਥ ਤੋਂ ਬਰਾਮਦ ਕੀਤੀ ਗਈ। ਐਸਐਸਪੀ ਨੇ ਕਿਹਾ, ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ।
ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੀ ਸੱਜੀ ਜੇਬ ਵਿੱਚੋਂ 9 ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾਂ ’ਤੇ ਥਾਣਾ ਫੇਜ਼ 11 ਮੁਹਾਲੀ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।