Haryana News: ਹਰਿਆਣਾ ਦੇ ਜੀਂਦ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਡੀਸੀ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਵਿੱਚ ਪ੍ਰਿੰਸੀਪਲ ਦਾ ਸਾਰਾ ਸੱਚ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ 50 ਤੋਂ ਵੱਧ ਵਿਦਿਆਰਥਣਾਂ ਦਾ ਯੌਨ ਸ਼ੋਸ਼ਣ ਕੀਤਾ ਸੀ। ਇਸ ਮਾਮਲੇ ਵਿੱਚ ਇੱਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਸੀ ਜੋ ਇਸ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਦੀ ਸੀ।
ਜਾਣਕਾਰੀ ਮੁਤਾਬਕ, ਕੁਝ ਪੀੜਤਾਂ ਵੱਲੋਂ 31 ਅਗਸਤ ਨੂੰ ਪੱਤਰ ਲਿਖਿਆ ਗਿਆ ਸੀ। ਇਸ ਤੋਂ ਬਾਅਦ ਪ੍ਰਿੰਸੀਪਲ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ। ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਨੇ ਇਸ ਮਾਮਲੇ 'ਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 30 ਸਤੰਬਰ ਨੂੰ ਸਕੂਲ ਤੋਂ ਵਾਪਸ ਆ ਕੇ 11ਵੀਂ ਜਮਾਤ ਦੀ ਇਸ ਵਿਦਿਆਰਥਣ ਨੇ ਘਰ ਦੀ ਪਹਿਲੀ ਮੰਜ਼ਲ 'ਤੇ ਬਣੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਸੀ।
ਪੁਲਿਸ ਅਧਿਕਾਰੀਆਂ ਨੇ ਕੀ ਕਿਹਾ?
ਦੱਸ ਦਈਏ ਕਿ ਘਟਨਾ ਤੋਂ ਬਾਅਦ ਇੱਕ ਅਧਿਕਾਰੀ ਪੀੜਤਾ ਦੇ ਘਰ ਵੀ ਗਿਆ ਸੀ। ਇਸ ਦੌਰਾਨ ਜਦੋਂ ਉਸ ਨੇ ਮ੍ਰਿਤਕਾ ਦੀ ਮਾਂ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੀ ਧੀ ਵਿੱਚ ਤਣਾਅ ਜਾਂ ਡਿਪਰੈਸ਼ਨ ਦੇ ਕੋਈ ਲੱਛਣ ਦੇਖਣ ਤੋਂ ਇਨਕਾਰ ਕੀਤਾ ਸੀ। ਇਸ ਦੌਰਾਨ ਜੀਂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਤਿੰਨ ਵਿਦਿਆਰਥਣਾਂ ਵੱਲੋਂ ਖ਼ੁਦਕੁਸ਼ੀ ਕਰਨ ਬਾਰੇ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਜਦਕਿ ਅਜਿਹਾ ਕੋਈ ਮਾਮਲਾ ਨਹੀਂ।
ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੜਕੀਆਂ ਨੇ ਆਈਪੀਸੀ ਦੀ ਧਾਰਾ 164 ਤਹਿਤ ਮੈਜਿਸਟ੍ਰੇਟ ਦੇ ਸਾਹਮਣੇ ਗਵਾਹੀ ਦਿੱਤੀ ਹੈ। ਇਸ ਕਾਰਨ ਪੁਲਿਸ ਕੋਲ ਹੁਣ ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਚਲਾਨ ਪੇਸ਼ ਕਰਨ ਲਈ ਕਾਫੀ ਸਬੂਤ ਹਨ। ਮੁਲਜ਼ਮ ਦਾ ਮੋਬਾਈਲ ਫੋਨ ਵੀ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਮੁਲਜ਼ਮ ਨੂੰ 4 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।