ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੱਡੂਖੇੜਾ ਦੀ ਸਨਿੱਚਰਵਾਰ ਦੁਪਹਿਰ ਨੂੰ ਮੁਹਾਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੈਕਟਰ-71 ਦੇ ਕਮਿਊਨਿਟੀ ਸੈਂਟਰ ਕੋਲ ਵਾਪਰੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਜਾਣਕਾਰੀ ਅਨੁਸਾਰ ਮਿੱਡੂਖੇੜਾ ਉੱਤੇ ਚਾਰ ਬਦਮਾਸ਼ਾਂ ਨੇ 9 ਰਾਊਂਡ ਫਾਇਰ ਕੀਤੇ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਇਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਦੇ ਨਾਂ 'ਤੇ ਬਣੀ ਫੇਸਬੁੱਕ ਆਈਡੀ 'ਤੇ ਫੇਸਬੁੱਕ 'ਤੇ ਲਈ ਗਈ ਹੈ। ਭਾਵ ਗੈਂਗਸਟਰਾਂ ਦੇ ਬੰਬੀਹਾ ਗਰੁੱਪ ਨੇ ਇਹ ਸਪੱਸ਼ਟ ਆਖਿਆ ਹੈ ਕਿ ਇਹ ਕਤਲ ਉਸ ਨੇ ਕੀਤਾ ਹੈ।
ਇਸ ਮਾਮਲੇ 'ਚ ਲਾਰੈਂਸ ਗਰੁੱਪ ਦਾ ਨਾਂ ਸਾਹਮਣੇ ਆ ਰਿਹਾ ਹੈ। ਵਿੱਕੀ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਦੋਸਤੀ ਸੀ, ਪਰ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਟੁੱਟ ਗਿਆ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਦਿਨ ਦੀ ਰੌਸ਼ਨੀ ਵਿੱਚ ਇਹ ਦੁਖਦਾਈ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਕਿਵੇਂ ਵਿਗੜ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਲਾਰੇਂਸ ਦਾ ਖਾਸ ਹੋਣ ਕਾਰਨ ਬੰਬੀਹਾ ਗਰੁੱਪ ਵੀ ਵਿੱਕੀ ਤੋਂ ਪ੍ਰੇਸ਼ਾਨ ਸੀ। ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਦਵਿੰਦਰ ਬੰਬੀਹਾ ਨਾਂ ਦੀ ਫੇਸਬੁੱਕ ਆਈਡੀ ਵਿੱਚ ਇੱਕ ਪੋਸਟ ਪਾਈ ਗਈ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਵਿੱਕੀ ਨੂੰ ਕਈ ਵਾਰ ਸਮਝਾਇਆ ਗਿਆ ਸੀ। ਉਹ ਬਿਸ਼ਨੋਈ ਗੈਂਗ ਨੂੰ ਪੰਜਾਬੀ ਕਲਾਕਾਰਾਂ ਤੇ ਕਾਰੋਬਾਰੀਆਂ ਦੇ ਨੰਬਰ ਦਿੰਦਾ ਸੀ ਤੇ ਉਨ੍ਹਾਂ ਤੋਂ ਵਸੂਲੀ ਕਰਦਾ ਸੀ।
ਦੂਜੇ ਪਾਸੇ ਵਿੱਕੀ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਕਰੀਬੀ ਸੀ। ਪੁਲਿਸ ਸੂਤਰਾਂ ਅਨੁਸਾਰ ਹਾਲ ਹੀ ਵਿੱਚ ਦੋਵਾਂ ਵਿੱਚ ਪੰਜਾਬ ਦੀ ਕੁਝ ਜ਼ਮੀਨ ਨੂੰ ਲੈ ਕੇ ਵਿਵਾਦ ਹੋਇਆ ਸੀ। ਉਦੋਂ ਤੋਂ ਲਾਰੈਂਸ ਵੀ ਉਸ ਤੋਂ ਪ੍ਰੇਸ਼ਾਨ ਸੀ। ਜਦੋਂਕਿ ਪਹਿਲਾਂ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਇਨ੍ਹਾਂ ਦੋ ਗੈਂਗਾਂ ਨਾਲ ਜੁੜੇ ਲੋਕਾਂ ਨੇ ਹੀ ਇਹ ਕਤਲ ਕੀਤਾ ਹੋਣਾ ਹੈ।
ਪੁਲਿਸ ਅਨੁਸਾਰ ਵਿੱਕੀ ਦੇ ਕੋਲ ਲਾਇਸੈਂਸੀ ਪਿਸਤੌਲ ਸੀ। ਘਟਨਾ ਵਾਪਰਨ ਸਮੇਂ, ਉਸ ਨੂੰ ਆਪਣਾ ਪਿਸਤੌਲ ਬਾਹਰ ਕੱਢਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਕਿਉਂਕਿ ਦੋਸ਼ੀ ਲਗਾਤਾਰ ਗੋਲੀਆਂ ਚਲਾ ਰਹੇ ਸਨ। ਜਿਵੇਂ ਹੀ ਵਿੱਕੀ ਨੇ ਕਾਰ ਦਾ ਗੇਟ ਖੋਲ੍ਹਿਆ ਤੇ ਅੰਦਰ ਬੈਠਣ ਲਈ ਗਿਆ ਤਾਂ ਦੋਸ਼ੀ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਵਿੱਕੀ ਉੱਥੋਂ ਭੱਜਿਆ ਤਾਂ ਦੋਸ਼ੀ ਨੇ ਪਿੱਛਾ ਕੀਤਾ ਤੇ ਲਗਾਤਾਰ ਫਾਇਰਿੰਗ ਕੀਤੀ। ਜਿਸ ਕਾਰਨ ਵਿੱਕੀ ਨੂੰ ਆਪਣੀ ਪਿਸਤੌਲ ਕੱਢਣ ਦਾ ਮੌਕਾ ਨਾ ਮਿਲ ਸਕਿਆ।