Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਦੇ ਇੱਕ ਇਸ਼ਤਿਹਾਰ ਦੇ ਸਖ਼ਤ ਇਤਰਾਜ਼ ਜਤਾਇਆ ਹੈ। ਹਰਿਆਣਾ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ 'ਤੇ ਜਾਰੀ ਕੀਤੇ ਗਏ ਇੱਕ ਇਸ਼ਤਿਹਾਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ 'ਵੀਰ ਬੰਦਾ ਬੈਰਾਗੀ' ਕਿਹਾ ਸੀ।
ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਜਨ ਸੰਚਾਰ ਵਿਭਾਗ ਵੱਲੋਂ ਅੱਜ ਅਖ਼ਬਾਰਾਂ ਵਿੱਚ ਤੇ ਆਪਣੇ ਸੋਸ਼ਲ ਮੀਡੀਆ ਮੰਚਾਂ ਉੱਤੇ ਜਾਰੀ ਕੀਤੇ ਗਏ ਇਸ਼ਤਿਹਾਰਾਂ/ਪੋਸਟਾਂ ਵਿੱਚ ਮਹਾਨ ਸਿੱਖ ਜਰਨੈਲ ਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਨੂੰ ਵੀਰ ਬੰਦਾ ਵੈਰਾਗੀ ਵਜੋਂ ਪ੍ਰਚਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਮੁਗਲਾਂ ਹਕੂਮਤ ਦੀ ਇੱਟ ਨਾਲ ਇੱਟ ਖੜਕਾਈ ਤੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਜਿਸਦੀ ਰਾਜਧਾਨੀ ਲੋਹਗੜ੍ਹ ਬਣਾਈ। ਸਿੱਖ ਤਵਾਰੀਖ ਵਿੱਚ ਉਨ੍ਹਾਂ ਦੀ ਪਛਾਣ ਬਾਬਾ ਬੰਦਾ ਸਿੰਘ ਬਹਾਦਰ ਵਜੋਂ ਦਰਜ ਹੈ।
ਬਾਬਾ ਜੀ ਦੀ ਸਿੱਖ ਪਛਾਣ ਨੂੰ ਸਰਕਾਰੀ ਮੰਚਾਂ ਤੋਂ ਧੁੰਦਲਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਬੇਹੱਦ ਨਿੰਦਣਯੋਗ ਕਾਰਵਾਈ ਤੇ ਸਾਜ਼ਸ਼ ਹੈ। ਭਾਰਤ ਸਰਕਾਰ ਇਹ ਯਕੀਨੀ ਬਣਾਏ ਕਿ ਕਿਸੇ ਵੱਲੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਛੇੜਛਾੜ ਨਾ ਕੀਤੀ ਜਾਵੇ। ਇਹ ਹਰਕਤ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਵੀ ਕਰੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨੂੰ ਅਖ਼ਬਾਰਾਂ ਵਿੱਚ ਇਸ਼ਤਿਹਾਰ ਰਾਹੀਂ ਵੀਰ ਬੰਦਾ ਵੈਰਾਗੀ ਵਜੋਂ ਪ੍ਰਚਾਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਸਾਜ਼ਸ਼ਾਂ ਤੋਂ ਵੀ ਸੁਚੇਤ ਕੀਤਾ।