Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਨਾਨਕਸ਼ਾਹੀ ਸੰਮਤ 555 (ਸੰਨ 2023-24) ਦਾ ਕੈਲੰਡਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਜਾਰੀ ਕੀਤਾ ਹੈ। ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਅਕਾਲੀ ਬਾਬਾ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ, ਸਰਦਾਰ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਜਨਮ ਦਿਹਾੜੇ ਅਤੇ ਜੈਤੋ ਦੇ ਮੋਰਚੇ ਦੇ 100 ਸਾਲਾ ਨੂੰ ਸਮਰਪਿਤ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਤ ਕੀਤੇ ਗਏ ਇਸ ਕੈਲੰਡਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਆ ਰਹੇ ਸ਼ਤਾਬਦੀ ਦਿਹਾੜਿਆਂ ਨਾਲ ਸਬੰਧਤ ਤਸਵੀਰਾਂ ਲਗਾਈਆਂ ਗਈਆਂ ਹਨ।
ਕੈਲੰਡਰ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਲ ਅਹਿਮ ਸ਼ਤਾਬਦੀ ਦਿਹਾੜੇ ਆ ਰਹੇ ਹਨ, ਜੋ ਕੌਮੀ ਇਕਜੁਟਤਾ ਨਾਲ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਨਾਨਕਸ਼ਾਹੀ ਸੰਮਤ 555 ਦਾ ਕੈਲੰਡਰ ਆਮ ਨਾਲੋਂ ਇਕ ਮਹੀਨਾ ਪਹਿਲਾਂ ਜਾਰੀ ਕੀਤਾ ਗਿਆ ਹੈ। ਇਸ ਦਾ ਮੰਤਵ ਸੰਗਤਾਂ ਨੂੰ ਗੁਰਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਬਾਰੇ ਅਗਾਊਂ ਜਾਣਕਾਰੀ ਦੇਣਾ ਹੈ, ਕਿਉਂਕਿ ਇਸ ਸਬੰਧ ਵਿਚ ਸੰਗਤਾਂ ਅਕਸਰ ਹੀ ਸੁਝਾਅ ਭੇਜਦੀਆਂ ਸਨ।
ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਇਸ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ ਜਾਣ, ਤਾਂ ਜੋ ਕੌਮ ਵਿਚ ਇਕਸਾਰਤਾ ਅਤੇ ਇਕਜੁਟਤਾ ਕਾਇਮ ਰਹੇ। ਇਸ ਦੌਰਾਨ ਐਡਵੋਕੇਟ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਕੌਮ ਨੂੰ ਸਾਂਝੇ ਯਤਨਾਂ ਲਈ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ : ਹੁਣ ਦਫਤਰਾਂ 'ਚ ਜਾਣ ਦੀ ਲੋੜ ਨਹੀਂ, ਪਿੰਡਾਂ 'ਚ ਆ ਕੇ ਅਫਸਰ ਕਰਨਗੇ ਮਸਲੇ ਹੱਲ, ਸੀਐਮ ਭਗਵੰਤ ਮਾਨ ਦਾ ਐਲਾਨ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸੁਰਜੀਤ ਸਿੰਘ ਭਿੱਟੇਵੱਡ, ਹਰਜਾਪ ਸਿੰਘ ਸੁਲਤਾਨਵਿੰਡ, ਕੌਰ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਵਧੀਕ ਮੈਨੇਜਰ ਜਸਪਾਲ ਸਿੰਘ ਢੱਡੇ, ਬਿਕਰਮਜੀਤ ਸਿੰਘ ਝੰਗੀ ਆਦਿ ਹਾਜ਼ਰ ਸਨ।