Punjab News: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਸੋਮਵਾਰ (18 ਨਵੰਬਰ) ਨੂੰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਥੇ ਮੱਥਾ ਟੇਕਣ ਤੋਂ ਬਾਅਦ ਪਾਣੀ ਛਕਾਉਣ ਤੇ ਭਾਂਡੇ ਧੋਣ ਦੀ ਸੇਵਾ ਕੀਤੀ। ਇਸ ਦੀਆਂ ਤਸਵੀਰਾਂ ਕਾਂਗਰਸ ਨੇ ਸੋਸ਼ਲ ਮੀਡੀਆਂ ਉੱਤੇ ਸਾਂਝੀਆਂ ਕੀਤੀਆਂ ਹਨ।
ਜ਼ਿਕਰ ਕਰ ਦਈਏ ਕਿ ਇਸ ਮੌਕੇ ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਵੀਆਈਪੀ ਦਰਸ਼ਨ ਕਰਵਾਏ ਜਾਣ ਉੱਤੇ ਇੱਕ ਔਰਤ ਗੁੱਸੇ ਵਿੱਚ ਆ ਗਈ। ਉਨ੍ਹਾਂ ਕਿਹਾ- ਰਾਹੁਲ ਨੂੰ ਕਤਾਰ ਵਿੱਚ ਖੜ੍ਹੇ ਲੋਕਾਂ ਨੂੰ ਪਾਸੇ ਰੱਖ ਕੇ ਅੱਗੇ ਲਿਜਾਇਆ ਗਿਆ ਤੇ ਦਰਸ਼ਨ ਕਰਵਾਏ ਗਏ। ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਤਰ੍ਹਾਂ ਦੇ ਦਰਸ਼ਨਾਂ ਦੀ ਕੋਈ ਪਰੰਪਰਾ ਨਹੀਂ ਹੈ ਜਿਸ ਕਿਸੇ ਨੇ ਦਰਸ਼ਨ ਕਰਨੇ ਹਨ, ਉਹ ਲਾਈਨ ਵਿੱਚ ਖੜੇ ਹੋ ਜਾਣ।
ਇਸ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀ ਹੈ। ਉਸ ਨੇ ਕਿਹਾ ਕਿ ਬਾਹਰ ਜੋ ਵੀ ਹੋਵੇ ਪਰ ਗੁਰੂਘਰ ਵਿੱਚ ਆਮ ਸ਼ਰਧਾਲੂ ਵਾਂਗ ਆਉਣਾ ਚਾਹੀਦਾ ਹੈ। ਇਸ ਸਭ ਨੂੰ ਦੇਖ ਕੇ ਹੁਣ ਬਰਛਿਆਂ ਵਾਲੇ (ਸੇਵਾਦਾਰ ) ਕਿੱਥੇ ਹਨ, ਉਨ੍ਹਾਂ ਨੂੰ ਨਹੀਂ ਦਿਸਦਾ ਇੱਥੇ ਸੰਗਤ ਨੂੰ ਕਿਵੇਂ ਪਿੱਛੇ ਕੀਤਾ ਗਿਆ ਹੈ।
ਜ਼ਿਕਰ ਕਰ ਦਈਏ ਕਿ ਰਾਹੁਲ ਗਾਂਧੀ ਰਾਂਚੀ ਤੋਂ ਅੰਮ੍ਰਿਤਸਰ ਪਹੁੰਚੇ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਮੇਤ ਕਈ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ 2 ਅਕਤੂਬਰ 2023 ਨੂੰ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਨ ਤੇ 3 ਦਿਨ ਇੱਥੇ ਹੀ ਰਹੇ ਸਨ। ਜਿੱਥੇ ਉਨ੍ਹਾਂ ਨੇ ਹਾਲ ਵਿੱਚ ਜਾ ਕੇ ਲੰਗਰ ਵੀ ਵਰਤਾਇਆ। ਇਸ ਤੋਂ ਬਾਅਦ ਜੋੜਾ ਘਰ ਵਿੱਚ ਸ਼ਰਧਾਲੂਆਂ ਦੀਆਂ ਜੁੱਤੀਆਂ ਸੰਭਾਲਣ ਦੀ ਸੇਵਾ ਵੀ ਕੀਤੀ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੌਰਾਨ ਅੰਮ੍ਰਿਤਸਰ ਆਏ ਸਨ। ਭਾਵੇਂ ਭਾਰਤ ਜੋੜੋ ਯਾਤਰਾ ਦੌਰਾਨ ਅੰਮ੍ਰਿਤਸਰ ਨੂੰ ਉਨ੍ਹਾਂ ਦੇ ਰੂਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਫਿਰ ਵੀ ਉਹ ਪੰਜਾਬ ਵਿੱਚ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਚਾਨਕ ਅੰਮ੍ਰਿਤਸਰ ਪਹੁੰਚ ਗਏ ਸਨ। ਉਹ ਦਸਤਾਰ ਸਜਾ ਕੇ ਦਰਬਾਰ ਸਾਹਿਬ ਪਹੁੰਚੇ। ਫਿਰ ਉਨ੍ਹਾਂ ਨੇ ਕੇਵਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।