ਚੰਡੀਗੜ੍ਹ 'ਚ NIA ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਦੇ ਸੈਕਟਰ 15 ਸਥਿਤ ਘਰ ਨੂੰ ਜ਼ਬਤ ਕਰ ਲਿਆ ਹੈ। ਜ਼ਿਕਰ ਕਰ ਦਈਏ ਕਿ ਗੁਰਪਤਵੰਤ ਪੰਨੂ ਕੋਲ ਚੰਡੀਗੜ੍ਹ ਵਿੱਚ ਇੱਕ ਚੌਥਾਈ ਹਿੱਸੇ ਦਾ ਮਕਾਨ ਹੈ ਜਿਸ ਨੂੰ ਐਨਆਈਏ ਨੇ ਜ਼ਬਤ ਕਰ ਲਿਆ ਹੈ। ਦੱਸ ਦਈਏ ਕਿ NIA ਦੀ ਟੀਮ ਕਰੀਬ ਅੱਧਾ ਘੰਟਾ ਇੱਥੇ ਮੌਜੂਦ ਰਹੀ ਅਤੇ ਘਰ ਦੇ ਬਾਹਰ ਨੋਟਿਸ ਬੋਰਡ ਲਗਾ ਦਿੱਤਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਗੁਰਪਤਵੰਤ ਪਨੂੰ ਦੀ 46 ਕਨਾਲ ਵਾਹੀਯੋਗ ਜ਼ਮੀਨ ਜ਼ਬਤ ਕੀਤੀ ਗਈ।
ਜ਼ਿਕਰ ਕਰ ਦਈਏ ਕਿ ਗੁਰਪਤਵੰਤ ਪੰਨੂ ਇਸ ਵੇਲੇ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਉਥੋਂ ਲਗਾਤਾਰ ਖ਼ਾਲਿਸਤਾਨ ਦੇ ਸਮਰਥਣ ਵਿੱਚ ਵੀਡੀਓ ਜਾਰੀ ਕਰਦਾ ਰਹਿੰਦਾ ਹੈ। ਦਰਅਸਲ ਉਸਦੀਆਂ ਸੰਪਤੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਹਨ। ਪੰਜਾਬ ਵਿੱਚ ਐਨਆਈਏ ਵੱਲੋਂ ਪੰਨੂ ਦੀਆਂ ਜਿਹੜੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰਵਾਰ ਸਥਿਤ ਜੱਦੀ ਪਿੰਡ ਖਾਨਕੋਟ ਵਿੱਚ 46 ਕਨਾਲ ਦੀ ਖੇਤੀ ਸੰਪਤੀ ਅਤੇ ਸੈਕਟਰ 15, ਸੀ, ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦਾ ਘਰ ਹੈ। ਜ਼ਬਤ ਕਰਨ ਦਾ ਮਤਲਬ ਇਹ ਹੈ ਕਿ ਹੁਣ ਪੰਨੂ ਦਾ ਜਾਇਦਾਦ 'ਤੇ ਹੱਕ ਖਤਮ ਹੋ ਗਿਆ ਹੈ ਅਤੇ ਇਹ ਜਾਇਦਾਦ ਹੁਣ ਸਰਕਾਰ ਦੀ ਹੈ।
ਹਰਦੀਪ ਨਿੱਝਰ ਦੇ ਘਰ ਬਾਹਰ ਵੀ ਲਾਏ ਗਏ ਨੋਟਿਸ
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਏਜੰਸੀਆਂ ਨੇ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਤੋਂ ਕੈਨੇਡਾ ਵਿੱਚ ਮਾਰੇ ਗਏ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਨਿੱਝਰ ਦੇ ਬੰਦ ਘਰ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਜੋ ਨੋਟਿਸ ਚਿਪਕਾਇਆ ਗਿਆ ਹੈ, ਉਹ ਮੁਹਾਲੀ ਦੀ ਵਿਸ਼ੇਸ਼ ਐਨਆਈਏ ਕਮ ਸੀਬੀਆਈ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਹਰਦੀਪ ਸਿੰਘ ਨਿੱਝਰ ਦੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਵਿੱਚ ਰਿਸ਼ਤੇਦਾਰ 11 ਅਕਤੂਬਰ ਨੂੰ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰ ਸਕਦੇ ਹਨ।
ਜ਼ਿਕਰ ਕਰ ਦਈਏ ਕਿ ਹਰਦੀਪ ਸਿੰਘ ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਸਨ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਹਾਲ ਹੀ 'ਚ ਜਾਰੀ ਕੀਤੀ ਗਈ 40 ਮੋਸਟ ਵਾਂਟੇਡ ਸੂਚੀ 'ਚ ਨਿੱਝਰ ਦਾ ਨਾਂ ਸੀ।
ਇਹ ਵੀ ਪੜ੍ਹੋ: India Canada Row: ਨਿੱਝਰ ਦੇ ਕਤਲ ਤੋਂ ਬਾਅਦ ਪਰਿਵਾਰ ਉੱਤੇ ਕਾਰਵਾਈ ! ਜਾਇਦਾਦ ਸੀਲ ਕਰਨ ਲਈ NIA ਨੇ ਘਰ 'ਤੇ ਲਾਇਆ ਨੋਟਿਸ