Jalandhar News: ਭਾਰਤ 'ਚ ਮੋਸਟ ਵਾਂਟੇਡ ਗੈਂਗਸਟਰਾਂ-ਅੱਤਵਾਦੀਆਂ ਨੂੰ ਲੈ ਕੇ ਸੂਬਾ ਅਤੇ ਕੇਂਦਰੀ ਏਜੰਸੀਆਂ ਵਿਚਾਲੇ ਹੋਈ ਬੈਠਕ 'ਚ ਲਏ ਗਏ ਫੈਸਲੇ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਮੀਟਿੰਗ ਤੋਂ ਇੱਕ ਦਿਨ ਬਾਅਦ ਹੀ ਏਜੰਸੀਆਂ ਨੇ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਤੋਂ ਕੈਨੇਡਾ ਵਿੱਚ ਮਾਰੇ ਗਏ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ।


ਨਿੱਝਰ ਦੇ ਬੰਦ ਘਰ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਜੋ ਨੋਟਿਸ ਚਿਪਕਾਇਆ ਗਿਆ ਹੈ, ਉਹ ਮੁਹਾਲੀ ਦੀ ਵਿਸ਼ੇਸ਼ ਐਨਆਈਏ ਕਮ ਸੀਬੀਆਈ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਹਰਦੀਪ ਸਿੰਘ ਨਿੱਝਰ ਦੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਵਿੱਚ ਰਿਸ਼ਤੇਦਾਰ 11 ਅਕਤੂਬਰ ਨੂੰ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰ ਸਕਦੇ ਹਨ।


ਜ਼ਿਕਰ ਕਰ ਦਈਏ ਕਿ ਹਰਦੀਪ ਸਿੰਘ ਨਿੱਝਰ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਸਨ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਹਾਲ ਹੀ 'ਚ ਜਾਰੀ ਕੀਤੀ ਗਈ 40 ਮੋਸਟ ਵਾਂਟੇਡ ਸੂਚੀ 'ਚ ਨਿੱਝਰ ਦਾ ਨਾਂ ਸੀ।  ਨਿੱਝਰ ਅਤੇ ਉਸ ਦੀ ਜਥੇਬੰਦੀ ਦਾ ਨਾਂ ਪੰਜਾਬ ਵਿੱਚ ਹਿੰਸਾ ਅਤੇ ਅਪਰਾਧ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਹੀ ਉਸ ਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਪਾ ਦਿੱਤਾ ਗਿਆ। ਸਤੰਬਰ-2020 'ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਜਲੰਧਰ ਦੇ ਪਿੰਡ ਭਾਰਸਿੰਘਪੁਰਾ ਵਿੱਚ ਨਿੱਝਰ ਦੀ ਜਾਇਦਾਦ ਵੀ ਕੁਰਕ ਕੀਤੀ ਗਈ।


ਕੌਣ ਸੀ ਹਰਦੀਪ ਸਿੰਘ ਨਿੱਝਰ?


ਪੰਜਾਬ ਪੁਲਿਸ ਮੁਤਾਬਕ, ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰਸਿੰਘ ਪੁਰਾ ਦਾ ਰਹਿਣ ਵਾਲਾ ਸੀ। ਉਹ 1996 ਵਿੱਚ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚ ਕੇ ਨਿੱਝਰ ਨੇ ਪਲੰਬਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਂਜ ਉਸ ਦੀ ਇਸ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿਉਂਕਿ ਉਸ ਦੀ ਖ਼ਾਲਿਸਤਾਨੀ ਸਰਗਰਮੀਆਂ ਵਿਚ ਜ਼ਿਆਦਾ ਦਿਲਚਸਪੀ ਸੀ। ਇਹੀ ਕਾਰਨ ਸੀ ਕਿ ਉਹ ਸਿੱਖ ਵੱਖਵਾਦੀ ਗਰੁੱਪ ‘ਸਿੱਖ ਫਾਰ ਜਸਟਿਸ’ (ਐਸਜੇਐਫ) ਵਿੱਚ ਸ਼ਾਮਲ ਹੋ ਗਿਆ।  ਗੁਰਪਤਵੰਤ ਸਿੰਘ ਪੰਨੂ ਤੋਂ ਬਾਅਦ ਨਿੱਝਰ SJF ਦਾ ਦੂਜਾ ਆਗੂ ਸੀ। ਪਿਛਲੇ ਕੁਝ ਸਾਲਾਂ 'ਚ ਉਨ੍ਹਾਂ ਦਾ ਨਾਂ ਤੇਜ਼ੀ ਨਾਲ ਚਰਚਾ 'ਚ ਆਉਣ ਲੱਗਾ। ਨਿੱਝਰ ਦੀਆਂ ਖਾਲਿਸਤਾਨੀ ਗਤੀਵਿਧੀਆਂ ਦੀ ਸ਼ੁਰੂਆਤ ਜਗਤਾਰ ਸਿੰਘ ਤਾਰਾ ਦੀ ਅਗਵਾਈ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਬਣਨ ਨਾਲ ਹੋਈ ਸੀ। ਬਾਅਦ ਵਿੱਚ ਉਸਨੇ ‘ਖਾਲਿਸਤਾਨ ਟਾਈਗਰ ਫੋਰਸ’ (ਕੇ.ਟੀ.ਐਫ.) ਵਜੋਂ ਆਪਣਾ ਇੱਕ ਗਰੁੱਪ ਬਣਾਇਆ।