Punjab News: ਕਪੂਰਥਲਾ ਦੇ ਗੁਰਦੁਆਰੇ 'ਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦਾ ਪੁਲਿਸ ਨੇ ਸਿਵਲ ਹਸਪਤਾਲ 'ਚ ਡੋਪ ਟੈਸਟ ਕਰਵਾਇਆ। ਮੀਡੀਆ ਰਿਪੋਰਟਾਂ ਮੁਤਾਬਕ ਮੰਗੂ ਦੇ ਖੂਨ 'ਚ ਨਸ਼ੀਲੇ ਪਦਾਰਥ ਮਿਲੇ ਹਨ। ਡਾਕਟਰਾਂ ਨੇ ਉਸ ਦੇ ਖੂਨ ਦੇ ਨਮੂਨੇ ਵਿੱਚ ਬੁਪ੍ਰੇਨੋਰਫਾਈਨ, ਬੈਂਜੋਡਾਇਆਜ਼ੇਪੀਨ ਅਤੇ ਮੋਰਫਿਨ ਪਾਇਆ।
ਜ਼ਿਕਰ ਕਰ ਦਈਏ ਕਿ ਮੰਗੂ ਨੇ 16 ਜਨਵਰੀ ਮੰਗਲਵਾਰ ਤੜਕੇ ਕਰੀਬ 3 ਵਜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਉਸ ਖ਼ਿਲਾਫ਼ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ 9 ਐਫਆਈਆਰ ਦਰਜ ਹਨ। ਇੱਕ ਸਾਲ ਪਹਿਲਾਂ ਉਸ ਨੇ ਅੰਮ੍ਰਿਤਸਰ ਵਿੱਚ ਤਲਵਾਰ ਨਾਲ ਇੱਕ ਨਿਹੰਗ ਦਾ ਹੱਥ ਵੱਢ ਦਿੱਤਾ ਸੀ।
ਪੁਲਿਸ ਨੇ ਕੀਤੇ ਖ਼ੁਲਾਸੇ
ਏਡੀਜੀਪੀ ਗੁਰਿੰਦਰ ਢਿੱਲੋਂ ਨੇ ਦੱਸਿਆ ਕਿ ਮੰਗੂ ਮੱਠ ਨੇ ਆਪਣੀ ਮਸ਼ਹੂਰੀ ਲਈ ਨੌਜਵਾਨ ਦਾ ਕਤਲ ਕੀਤਾ ਸੀ। ਉਹ ਇੱਕ ਪੇਸ਼ੇਵਰ ਅਪਰਾਧੀ ਹੈ। ਗੁਰਦੁਆਰਾ ਸਾਹਿਬ ਵਿੱਚ ਕੋਈ ਬੇਅਦਬੀ ਨਹੀਂ ਹੋਈ। ਮੁਲਜ਼ਮ ਦੀ ਆਮਦਨ ਦਾ ਸਰੋਤ ਵੀ ਸ਼ੱਕੀ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਪੋਸਟ ਕਰਕੇ ਫੰਡ ਇਕੱਠਾ ਕਰਦਾ ਹੈ ਅਤੇ ਅਪਰਾਧੀ ਮਾਨਸਿਕਤਾ ਵਾਲਾ ਵਿਅਕਤੀ ਹੈ। ਏਡੀਜੀਪੀ ਨੇ ਕਿਹਾ ਕਿ ਕਾਤਲ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਹ ਵੀ ਨਿਹੰਗ ਦਾ ਬਾਣਾ (ਪਹਿਰਾਵਾ) ਸਿਰਫ਼ ਪੈਸਾ ਇਕੱਠਾ ਕਰਨ ਲਈ ਹੀ ਪਹਿਨਦਾ ਹੈ। ਕਾਤਲ ਨੇ ਆਤਮ ਰੱਖਿਆ ਵਿੱਚ ਨੌਜਵਾਨ ਦਾ ਕਤਲ ਨਹੀਂ ਕੀਤਾ। ਪੁਲਿਸ ਹੁਣ ਧਾਰਾ ਨੂੰ ਸੋਧਣ ਦੀ ਯੋਜਨਾ ਤਿਆਰ ਕਰ ਰਹੀ ਹੈ।
ਪਹਿਲਾਂ ਵੀ ਦਰਜ ਨੇ ਅਪਰਾਧਿਕ ਮਾਮਲੇ
ਜ਼ਿਕਰ ਕਰ ਦਈਏ ਕਿ ਮੰਗੂ ਦੇ ਖਿਲਾਫ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 4 ਵਿੱਚ ਮੋਟਰਸਾਈਕਲ ਚੋਰੀ ਅਤੇ ਅਸਲਾ ਐਕਟ ਦਾ ਮਾਮਲਾ ਦਰਜ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕਰਨ ਦੇ ਮਾਮਲੇ ਵਿੱਚ ਸਲੇਮ ਟਾਬਰੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼ੰਭੂ ਬਾਰਡਰ 'ਤੇ ਵੀ ਉਸ ਨੂੰ ਹਥਿਆਰਾਂ ਸਮੇਤ ਫੜਿਆ ਗਿਆ ਸੀ ਅਤੇ ਉਥੇ ਮਾਮਲਾ ਦਰਜ ਕੀਤਾ ਗਿਆ ਸੀ। ਇਸੋ ਤੋਂ ਇਲਾਵਾ ਇੱਕ ਸਾਲ ਪਹਿਲਾਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਨਿਹੰਗਾਂ ਦੇ ਦੋ ਧੜਿਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਰਮਨਦੀਪ ਸਿੰਘ ਮੰਗੂ ਮੱਠ ਨੇ ਆਪਣੀ ਤਲਵਾਰ ਨਾਲ ਇੱਕ ਹੋਰ ਨਿਹੰਗ ਸੁਸ਼ੀਲ ਕੁਮਾਰ ਦਾ ਹੱਥ ਵੱਢ ਦਿੱਤਾ ਸੀ। ਜਿਸ ਤੋਂ ਬਾਅਦ ਮੰਗੂ ਮੌਕੇ ਤੋਂ ਫਰਾਰ ਹੋ ਗਿਆ।