Jalandhar News: ਪੰਜਾਬ ਸਰਕਾਰ ਨੇ ਮੋਬਾਈਲ ਤੇ ਸਿਮ ਵਿਕਰੇਤਾ ਖਿਲਾਫ ਸ਼ਿਕੰਜਾ ਕੱਸਿਆ ਹੈ। ਹੁਣ ਮੋਬਾਈਲ ਤੇ ਸਿਮ ਵਿਕਰੇਤਾ ਬਗੈਰ ਦਸਤਾਵੇਜ਼ਾਂ ਦੇ ਮੋਬਾਈਲ ਤੇ ਸਿਮ ਨਹੀਂ ਵੇਚ ਸਕਣਗੇ। ਖ਼ਰੀਦਦਾਰ ਕੋਲੋਂ ਪਛਾਣ ਪੱਤਰ/ਆਈਡੀ ਪਰੂਫ/ਫੋਟੋ ਹਾਸਲ ਕੀਤੇ ਬਿਨਾਂ ਮੋਬਾਈਲ ਤੇ ਸਿਮ ਨਹੀਂ ਵੇਚ ਜਾ ਸਕਣਗੇ। ਇਸ ਦੇ ਨਾਲ ਹੀ ‘ਪ੍ਰਚੇਜ਼ ਸਰਟੀਫਿਕੇਟ’ ਵੀ ਦੇਣਾ ਪਵੇਗਾ। ਇਹ ਹੁਕਮ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹਨ।
ਹਾਸਲ ਜਾਣਕਾਰੀ ਮੁਤਾਬਕ ਜਲੰਧਰ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਾਈਬਰ ਕ੍ਰਾਈਮ ਰੋਕਣ ਲਈ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਅਮਨ ਤੇ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੋਬਾਈਲ ਤੇ ਸਿਮ ਵਿਕਰੇਤਾ, ਮੋਬਾਈਲ ਤੇ ਸਿਮ ਵੇਚਦੇ ਸਮੇਂ ਖ਼ਰੀਦਦਾਰ ਪਾਸੋਂ ਪਹਿਚਾਣ ਪੱਤਰ/ਆਈਡੀ ਪਰੂਫ/ਫੋਟੋ ਹਾਸਲ ਕੀਤੇ ਬਿਨਾਂ ਮੋਬਾਈਲ ਤੇ ਸਿਮ ਨਹੀਂ ਵੇਚਣਗੇ।
ਉਨ੍ਹਾਂ ਕਿਹਾ ਕਿ ਉਹ ਮੋਬਾਈਲ ਨੂੰ ਗ੍ਰਾਹਕ/ਵਿਕਰੇਤਾ ਪਾਸੋਂ ਖ਼ਰੀਦਣ ਸਮੇਂ ਗ੍ਰਾਹਕ/ਵਿਕਰੇਤਾ ਨੂੰ ਵੀ ਆਪਣੀ ਫਰਮ ਦੀ ਮੋਹਰ ਤੇ ਦਸਤਖ਼ਤਾਂ ਹੇਠ ‘ਪ੍ਰਚੇਜ਼ ਸਰਟੀਫਿਕੇਟ’ ਦੇਣਗੇ। ਇਸੇ ਤਰ੍ਹਾਂ ਮੋਬਾਈਲ ਫੋਨ ਖਰੀਦਣ ਸਮੇਂ ਖ਼ਰੀਦਦਾਰ ਜਾਂ ਕੋਈ ਉਸ ਦਾ ਰਿਸ਼ਤੇਦਾਰ/ਜਾਣਕਾਰ ਵਿਅਕਤੀ, ਜਿਸ ਦੇ ਅਕਾਊਂਟ ਵਿੱਚੋਂ ਯੂਪੀਆਈ ਪੇਮੈਂਟ ਜਾਂ ਕਾਰਡ ਦੁਆਰਾ ਜਾਂ ਆਨ-ਲਾਈਨ ਅਦਾਇਗੀ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਆਈਡੀ ਪਰੂਫ ਵੀ ਦੁਕਾਨਦਾਰ ਹਾਸਲ ਕਰਨ ਦੇ ਜ਼ਿੰਮੇਵਾਰ ਹੋਣਗੇ, ਜਿਸ ਵਿਅਕਤੀ ਦੇ ਅਕਾਊਂਟ ਵਿਚੋਂ ਪੇਮੈਂਟ ਹੋਈ ਹੈ, ਉਸ ਵਿਅਕਤੀ ਦਾ ਆਈਡੀ ਪਰੂਫ ਅਤੇ ਗ੍ਰਾਹਕ ਦੀ ਫੋਟੋ ਅਨੁਸਾਰ ਰਿਕਾਰਡ ਰਜਿਸਟਰ ਮੇਨਟੇਨ ਕਰਨਗੇ। ਇਹ ਹੁਕਮ 29.11.2023 ਤੋਂ 28.02.2024 ਤੱਕ ਲਾਗੂ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।