Jalandhar News: ਜਲੰਧਰੀਆਂ ਨੂੰ ਹੁਣ ਜਾਇਦਾਦ ਦੀ ਰਜਿਸਟਰੀ ਕਰਾਉਣ ਲਈ ਵੱਧ ਪੈਸੇ ਖਰਚਣੇ ਪੈਣਗੇ। ਪੰਜਾਬ ਸਰਕਾਰ ਨੇ ਕੁਲੈਕਟਰ ਰੇਟ ਵਧਾ ਦਿੱਤੇ ਹਨ। ਕੁਲੈਕਟਰ ਰੇਟਾਂ ਵਿੱਚ ਔਸਤ 10 ਫੀਸਦੀ ਵਾਧਾ ਕੀਤਾ ਗਿਆ ਹੈ। ਇਹ ਨਵੇਂ ਕੁਲੈਕਟਰ ਰੇਟ ਕੱਲ੍ਹ 28 ਅਗਸਤ ਤੋਂ ਲਾਗੂ ਹੋ ਜਾਣਗੇ। ਜਾਨੀ ਸੋਮਵਾਰ ਤੋਂ ਰਜਿਸਟਰੀਆਂ ਉੱਪਰ ਵੱਧ ਪੈਸੇ ਖਰਚਣੇ ਪੈਣਗੇ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਜ਼ਿਲ੍ਹਾ ਜਲੰਧਰ ਵਿੱਚ ਨਵੇਂ ਕੁਲੈਕਟਰ ਰੇਟ ਜਾਰੀ ਕੀਤੇ ਗਏ ਹਨ। ਇਹ ਰੇਟ ਔਸਤ 10 ਫੀਸਦੀ ਦੇ ਵਾਧੇ ਨਾਲ ਜ਼ਿਲ੍ਹੇ ਵਿੱਚ ਸਾਲ 2023-24 ਲਈ 28 ਅਗਸਤ ਤੋਂ ਲਾਗੂ ਹੋਣਗੇ।
ਜ਼ਿਲ੍ਹਾ ਕੁਲੈਕਟਰ ਵੱਲੋਂ ਪੰਜਾਬ ਸਟੈਂਪ (ਡੀਲਿੰਗ ਆਫ਼ ਅੰਡਰ ਵੈਲਿਊਡ ਇੰਸਟਰੂਮੈਂਟ) ਨਿਯਮ 1983 ਨਿਯਮ 3-ਏ ਤਹਿਤ ਮਿਲੇ ਅਧਿਕਾਰਾਂ ਅਨੁਸਾਰ ਸਾਲ 2023-24 ਦੌਰਾਨ ਜ਼ਿਲ੍ਹਾ ਜਲੰਧਰ ਵਿੱਚ ਆਉਂਦੀਆਂ ਜ਼ਮੀਨਾਂ/ਜਾਇਦਾਦਾਂ ਦਾ ਘੱਟੋ-ਘੱਟ ਮੁੱਲ ਖੇਤਰ ਤੇ ਸ਼੍ਰੇਣੀ ਅਨੁਸਾਰ ਕਿਸੇ ਵੀ ਜਾਇਦਾਦ ਦੇ ਤਬਾਦਲੇ ’ਤੇ ਸਰਕਾਰੀ ਹਦਾਇਤਾਂ ਅਨੁਸਾਰ ਸਟੈਂਪ ਡਿਊਟੀ ਲਗਾਉਣ ਦੇ ਮੰਤਵ ਤਹਿਤ ਨਿਰਧਾਰਤ ਕੀਤਾ ਗਿਆ ਹੈ।
ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਸਾਰੰਗਲ ਨੇ ਕਿਹਾ ਕਿ ਇਹ ਰੇਟ ਲੋਕ ਹਿੱਤਾਂ ਦੀ ਰਾਖੀ ਲਈ ਮਾਲ ਅਧਿਕਾਰੀਆਂ ਵੱਲੋਂ ਵੱਖ-ਵੱਖ ਸਬੰਧਤ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕੀਤੀਆਂ ਸਿਫ਼ਾਰਿਸ਼ਾਂ ਦੇ ਅਧਾਰ ’ਤੇ ਨਿਸ਼ਚਿਤ ਕੀਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।