BJP President JP Nadda Election Rally : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਸਿਆਸੀ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ 'ਤੇ ਹੈ। ਇਸੇ ਕੜੀ ਵਿੱਚ ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (BJP President JP Nadda) ਮੰਗਲਵਾਰ ਨੂੰ ਮੌੜ ਮੰਡੀ ਪਹੁੰਚੇ। ਉਨ੍ਹਾਂ ਇੱਥੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜੇਪੀ ਨੱਡਾ ਨੇ ਪਰਿਵਾਰਵਾਦ ਦਾ ਮੁੱਦਾ ਚੁੱਕਦਿਆਂ ਵਿਰੋਧੀ ਪਾਰਟੀਆਂ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਪਾਰਟੀਆਂ ਪਰਿਵਾਰਕ ਪਾਰਟੀ ਬਣ ਗਈਆਂ ਹਨ। ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਹੀ ਫਾਇਦਾ ਹੁੰਦਾ ਹੈ।

 

ਜੇਪੀ ਨੱਡਾ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ,ਜੋ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਆਧਾਰ 'ਤੇ ਅੱਗੇ ਵਧਦੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਸਾਡੀ ਪਾਰਟੀ ਗ਼ਰੀਬ, ਵੰਚਿਤ, ਦਲਿਤ , ਸ਼ੋਸ਼ਿਤ, ਦੱਬੇ-ਕੁਚਲੇ, ਸਮਾਜ ਦੇ ਆਖਰੀ ਮੁਕਾਮ 'ਤੇ ਖੜ੍ਹੇ ਹਰ ਵਿਅਕਤੀ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਵਧਾਉਣਾ, ਔਰਤਾਂ ਦਾ ਸਸ਼ਕਤੀਕਰਨ ਕਰਨਾ ਸਾਡਾ ਟੀਚਾ ਹੈ। ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਬਹੁਤ ਸਾਰੇ ਲੋਕ ਹੋਏ ਹਨ ਪਰ ਕਿਸਾਨਾਂ ਲਈ ਜਿੰਨਾ ਕੰਮ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਹੈ, ਓਨਾ ਕਿਸੇ ਨੇ ਨਹੀਂ ਕੀਤਾ।

 

ਜੇਪੀ ਨੱਡਾ ਨੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਹਰ ਤੀਜੇ ਮਹੀਨੇ 10.50 ਕਰੋੜ ਕਿਸਾਨਾਂ ਦੇ ਖਾਤੇ ਵਿੱਚ 2-2 ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਂਦੇ ਹਨ। ਪੰਜਾਬ ਵਿੱਚ ਵੀ 23 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕਰੀਬ 24,000 ਕਰੋੜ ਰੁਪਏ ਟਰਾਂਸਫਰ ਕੀਤੇ ਗਏ। ਉਨ੍ਹਾਂ ਕਿਹਾ ਕਿ ਜੋ ਕੰਮ ਪੀਐਮ ਮੋਦੀ ਨੇ ਸਿੱਖ ਭਰਾਵਾਂ ਲਈ, ਹਿੰਦੂ-ਸਿੱਖ ਏਕਤਾ ਲਈ ਕੀਤਾ, ਉਹ ਅਜੇ ਤੱਕ ਕਿਸੇ ਨੇ ਨਹੀਂ ਕੀਤਾ। ਜੇਪੀ ਨੱਡਾ ਨੇ ਕਿਹਾ ਕਿ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ਦੀ
  ਮਨਜ਼ੂਰੀ ਸ੍ਰੀ ਹਰਿਮੰਦਰ ਸਾਹਿਬ ਨੂੰ ਨਹੀਂ ਸੀ, ਪੀਐਮ ਮੋਦੀ ਨੇ ਮਨਜ਼ੂਰੀ ਦੇ ਦਿੱਤੀ ਹੈ, ਹੁਣ ਦੁਨੀਆ ਭਰ ਦੇ ਸ਼ਰਧਾਲੂ ਸਹਿਯੋਗ ਕਰ ਸਕਦੇ ਹਨ।

 

'ਪਹਿਲਾਂ ਲੰਗਰ 'ਤੇ ਟੈਕਸ ਲੱਗਦਾ ਸੀ'

ਭਾਜਪਾ ਆਗੂ ਨੇ ਕਿਹਾ ਕਿ ਪਹਿਲਾਂ ਗੁਰਦੁਆਰਿਆਂ ਵਿੱਚ ਲਗਾਏ ਜਾਂਦੇ ਲੰਗਰ ’ਤੇ ਟੈਕਸ ਲਾਇਆ ਜਾਂਦਾ ਸੀ। ਕਿਸੇ ਨੇ ਵੀ ਇਸ ਟੈਕਸ ਨੂੰ ਹਟਾਉਣ ਦੀ ਮੰਗ ਨਹੀਂ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਲੰਗਰ ਤੋਂ ਟੈਕਸ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਜੋ ਕਿਹਾ ਉਹ ਕੀਤਾ ਅਤੇ ਹੁਣ ਲੰਗਰ 'ਤੇ ਕੋਈ ਟੈਕਸ ਨਹੀਂ ਹੈ। ਭਾਰਤ ਸਰਕਾਰ ਜੀਐਸਟੀ ਦੇ 350 ਕਰੋੜ ਰੁਪਏ ਆਪਣੇ ਖ਼ਜ਼ਾਨੇ ਵਿੱਚੋਂ ਅਦਾ ਕਰਦੀ ਹੈ। ਜੇਪੀ ਨੱਡਾ ਨੇ ਕਿਹਾ ਕਿ ਜਦੋਂ 1984 ਵਿੱਚ ਦੰਗੇ ਹੋਏ ਸਨ ਅਤੇ ਉਸ ਵਿੱਚ ਸਿੱਖ ਭਾਈਚਾਰੇ ਦੇ ਲੋਕ ਮਾਰੇ ਗਏ ਸਨ ਤਾਂ ਕਾਂਗਰਸ ਨੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ। ਇੱਕ ਪਾਸੇ ਤਾਨਾਸ਼ਾਹੀ ਹੋ ਰਹੀ ਸੀ, ਮਨੁੱਖਤਾ ਨਾਲ ਖਿਲਵਾੜ ਹੋ ਰਿਹਾ ਸੀ, ਪਰ ਸਿੱਖ ਕੌਮ ਦੇ ਲੋਕਾਂ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਬਾਅਦ ਐਸਆਈਟੀ ਦਾ ਗਠਨ ਕਰਕੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਪੀੜਤ ਪਰਿਵਾਰ ਦੇ ਹੰਝੂ ਪੂੰਝਣ ਦਾ ਕੰਮ ਕੀਤਾ।