Punjab Election 2022: FIR against Punjabi Singer Sidhu Moosa Wala and CM Channi


ਮਾਨਸਾ: ਪੰਜਾਬ 'ਚ ਚੋਣ ਪ੍ਰਚਾਰ ਬੀਤੇ ਦਿਨ 18 ਫਰਵਰੀ ਸ਼ਾਮ ਨੂੰ ਖ਼ਤਮ ਹੋ ਗਿਆ। ਹੁਣ ਲੋਕਾਂ ਦੇ ਪਾਲੇ 'ਚ ਗੇਂਦ ਹੈ ਅਤੇ ਸੂਬੇ ਦੀ ਜਨਤਾ 20 ਫਰਵਰੀ ਨੂੰ ਈਵੀਐਮ ਮਸ਼ੀਨਾਂ 'ਚ ਆਪਣੀ ਪਸੰਦ ਦੇ ਉਮੀਦਵਾਰ ਦੇ ਹੱਕ 'ਚ ਬਟਨ ਦੱਬ ਕੇ ਵੋਟਾਂ ਪਾਉਣਗੇ। ਇਸ ਸਭ ਦੇ ਦਰਮਿਆਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ਼ੁੱਕਰਵਾਰ 18 ਫਰਵਰੀ ਸ਼ਾਮ 6 ਵਜੇ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਹਲਕੇ ਤੋਂ ਬਾਹਰ ਨਿਕਲਣਾ ਪਵੇਗਾ ਪਰ 6 ਵਜੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਨਸਾ ਵਿਖੇ ਘਰ-ਘਰ ਸ਼ੁਭਦੀਪ ਸਿੰਘ ਸਿੱਧੂ ਊਰਫ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਹੱਕ 'ਚ ਬਾਜ਼ਾਰਾਂ 'ਚ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆਏ।


ਇਸ ਸਬੰਧੀ ਜਦੋਂ ਮਾਨਸਾ ਦੇ ਰਿਟਰਨਿੰਗ ਅਫ਼ਸਰ ਨੂੰ ਪਤਾ ਲੱਗਾ ਤਾਂ ਉਹ ਮੌਕੇ ’ਤੇ ਪੁੱਜੇ ਪਰ ਉਦੋਂ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਥੋਂ ਜਾ ਚੁੱਕੇ ਸੀ। ਇਸ ਬਾਰੇ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਮਾਨਸਾ ਨੇ ਦੱਸਿਆ ਕਿ ਉਹ ਲੋਕਾਂ ਤੋਂ ਜਾਣਕਾਰੀ ਲੈ ਰਹੇ ਹਨ ਅਤੇ ਐਫਐਸਟੀ ਟੀਮ ਦੀ ਵੀਡੀਓ ਰਿਕਾਰਡਿੰਗ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।







ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਪਾਸੇ ਵੱਡਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਮਾਨਸਾ ਆਇਆ ਹਾਂ ਅਤੇ ਬੇਸ਼ੱਕ ਥੋੜ੍ਹੀ ਦੇਰ ਹੋ ਗਈ ਜਿਸ ਕਾਰਨ ਮੈਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਤੋਂ ਮੁਆਫੀ ਨਹੀਂ ਮੰਗ ਸਕਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਹੋਣਹਾਰ ਨੌਜਵਾਨ ਹੈ ਅਤੇ ਮੈਂ ਸਮੂਹ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਧੂ ਮੂਸੇਵਾਲਾ ਨੂੰ ਹੀ ਚੁਣਨ ਕਿਉਂਕਿ ਉਨ੍ਹਾਂ ਨੂੰ ਚੁਣਨ ਦੇ ਨਾਲ-ਨਾਲ ਤੁਸੀਂ ਮੈਨੂੰ ਵੀ ਚੁਣਦੇ ਹੋ, ਜਿਸ ਨਾਲ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਬਹੁਤ ਦੂਰ ਲੈ ਕੇ ਜਾਣਾ ਚਾਹੁੰਦੇ ਹਾਂ, ਇਸ ਲਈ ਅਸੀਂ ਪੰਜਾਬ ਚੋਂ ਇੱਕ ਹੋਣਹਾਰ ਨੌਜਵਾਨ ਲੱਭ ਕੇ ਮਾਨਸਾ ਵਾਸੀਆਂ ਨੂੰ ਦਿੱਤਾ ਹੈ।


ਉਧਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕਮਲ ਗੋਇਲ ਇਸ ਨੂੰ ਗਲਤ ਅਤੇ ਚੋਣ ਜਾਬਤੇ ਦਾ ਉਲੰਘਣ ਦੱਸਿਆ। ਉਨ੍ਹਾਂ ਕਿਹਾ ਕਿ ਸ਼ਾਮ ਕਰੀਬ 7 ਵਜੇ ਮੈਨੂੰ ਪਤਾ ਲੱਗਾ ਕਿ ਸੀਐਮ ਚੇਨਈ ਅਤੇ ਸਿੱਧੂ ਮੂਸੇਵਾਲਾ ਤ੍ਰਿਵੇਣੀ ਮੰਦਿਰ ਕੋਲ ਸੈਂਕੜੇ ਲੋਕ ਇਕੱਠੇ ਹੋ ਰਹੇ ਹਨ ਅਤੇ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤਾਂ ਸੀਐਮ ਚੰਨੀ ਉੱਥੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਉਨ੍ਹਾਂ ਨਾਲ ਸਿੱਧੂ ਮੂਸੇਵਾਲਾ ਖੜ੍ਹਾ ਸੀ। ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਜੇਕਰ ਸਾਡੇ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਤਾਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਮੁੱਖ ਮੰਤਰੀ ਚੰਨੀ ਅਤੇ ਮੌਕੇ 'ਤੇ ਮੌਜੂਦ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ।


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਕਰਨ ਦੇ ਦੋਸ਼ਾਂ ਸਬੰਧੀ ਰਿਟਰਨਿੰਗ ਅਫ਼ਸਰ-ਕਮ ਐਸਡੀਐਮ ਮਾਨਸਾ ਹਰਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਪਤਾ ਲੱਗਣ 'ਤੇ ਮੈਂ ਮੌਕੇ 'ਤੇ ਆ ਕੇ ਲੋਕਾਂ ਨਾਲ ਗੱਲ ਕੀਤੀ ਹੈ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਕੀਤਾ ਹੈ ਜਾਂ ਨਹੀਂ | ਉਨ੍ਹਾਂ ਕਿਹਾ ਕਿ ਹੁਣ ਤੱਕ ਪਤਾ ਲੱਗਾ ਹੈ ਕਿ ਸੀ.ਐਮ. ਚੰਨੀ ਨੇ ਗੁਰਦੁਆਰਾ ਸਾਹਿਬ ਅਤੇ ਮੰਦਰ 'ਚ ਮੱਥਾ ਟੇਕਿਆ ਹੈ ਪਰ ਲੋਕਾਂ ਮੁਤਾਬਕ ਉਨ੍ਹਾਂ ਨੇ ਚੋਣ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਐਫਐਸਟੀ ਟੀਮ ਨੇ ਵੀਡੀਓਗ੍ਰਾਫੀ ਕੀਤੀ ਹੈ ਅਤੇ ਵੀਡੀਓਗ੍ਰਾਫੀ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।



ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ 'ਚ ਝੜਪ, ਇੱਕ ਨੌਜਵਾਨ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904