ਅੰਮ੍ਰਿਤਸਰ : ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਦੇ ਪੂਰਬੀ ਹਲਕੇ 'ਚ ਪਾਰਟੀ ਦੀ ਤਾਕਤ ਝੋਕਣੀ ਸ਼ੁਰੂ ਕਰ ਦਿੱਤੀ ਹੈ ,ਕਿਉਂਕਿ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੇਰਕਾ 'ਚ ਨਵਜੋਤ ਸਿੱਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ। ਸਿੱਧੂ ਮੂਸੇਵਾਲਾ ਸੋਮਵਾਰ ਸ਼ਾਮ ਨੂੰ ਵੇਰਕਾ 'ਚ ਰੈਲੀ ਕਰਨਗੇ। ਹਾਲਾਂਕਿ ਸਿੱਧੂ ਮੂਸੇਵਾਲਾ ਮਾਨਸਾ ਸੀਟ ਤੋਂ ਖੁਦ ਵੀ ਚੋਣ ਚੜ੍ਹ ਰਹੇ ਹਨ।
ਸਿੱਧੂ ਦੇ ਕਰੀਬੀ ਕੌੰਸਲਰ ਹਰਪਾਲ ਸਿੰਘ ਵੇਰਕਾ ਨੇ ਦੱਸਿਆ ਕਿ ਚੋਟੀ ਦੇ ਗਾਇਕ ਤੇ ਕਾਂਗਰਸ ਦੇ ਮਾਨਸਾ ਤੋਂ ਉਮੀਦਵਾਰ ਸਿੱਧੂ ਮੂਸੇਵਾਲਾ ਸੋਮਵਾਰ ਨੂੰ ਕਾਂਗਰਸੀ ਉਮੀਦਵਾਰ ਨਵਜੋਤ ਸਿੱਧੂ ਦੇ ਹੱਕ 'ਚ ਵੇਰਕਾ 'ਚ ਰੈਲੀ ਕਰਨ ਆ ਰਹੇ ਹਨ।
ਇਸ ਦੇ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੀ ਆਪਣੇ ਪਿਤਾ ਦੀ ਚੋਣ ਮੁਹਿੰਮ ਲਈ ਸਰਗਰਮ ਹੋ ਗਈ ਹੈ। ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਵਾਂਗ ਉਹ ਵੀ ਅੰਮ੍ਰਿਤਸਰ ਪੂਰਬੀ ਸੀਟ 'ਤੇ ਬਿਕਰਮ ਸਿੰਘ ਮਜੀਠੀਆ 'ਤੇ ਪੂਰੀ ਤਰ੍ਹਾਂ ਹਮਲਾਵਰ ਹਨ। ਇਸ ਸੀਟ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਹਮੋ-ਸਾਹਮਣੇ ਹਨ।
ਰਾਬੀਆ ਨੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਖੜ੍ਹਨ ਦੇ ਯੋਗ ਨਹੀਂ ਹੈ। 133 ਕਰੋੜ ਦੀ ਜਾਇਦਾਦ ਵਾਲਾ ਚੰਨੀ ਗਰੀਬ ਨਹੀਂ ਹੋ ਸਕਦਾ। ਉਸ ਦੇ ਪਿਤਾ 14 ਸਾਲਾਂ ਤੋਂ ਪੰਜਾਬ ਮਾਡਲ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਿੱਤ ਪਾਪਾ ਦੀ ਹੋਵੇਗੀ, ਕਿਉਂਕਿ ਉਹ ਸੱਚੇ ਹਨ।
ਸਿੱਧੂ ਨੇ ਕਿਹਾ ਸੀ ਕਿ ਸਾਡੇ ਕੋਲ ਬੇਟੀ ਦੇ ਵਿਆਹ ਲਈ ਪੈਸੇ ਨਹੀਂ ਹਨ। ਇਸ 'ਤੇ ਰਾਬੀਆ ਨੇ ਕਿਹਾ ਕਿ ਉਸ ਨੇ ਇਹ ਗੱਲ ਭਾਵੁਕ ਹੋ ਕੇ ਕਹੀ ਸੀ। ਉਸ ਕੋਲ ਮੇਰੇ ਲਈ ਸਭ ਕੁਝ ਹੈ। ਇਸ ਦੇ ਨਾਲ ਹੀ ਰਾਬੀਆ ਸਿੱਧੂ ਨੇ ਐਲਾਨ ਕੀਤਾ ਕਿ ਉਹ ਉਦੋਂ ਤੱਕ ਵਿਆਹ ਨਹੀਂ ਕਰੇਗੀ ,ਜਦੋਂ ਤੱਕ ਉਨ੍ਹਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਨਹੀਂ ਜਿੱਤ ਜਾਂਦੇ।