Anupam Kher On Bollywood Vs South Films Debate: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਹਰ ਮੁੱਦੇ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੇ। ਜਿਸ ਕਾਰਨ ਉਹ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ।ਇਸ ਸਾਲ ਅਨੁਪਮ ਖੇਰ ਦੀਆਂ ਦੋ ਫਿਲਮਾਂ ਰਿਲੀਜ਼ ਹੋਈਆਂ ਹਨ। ਉਨ੍ਹਾਂ ਦੀ 'ਦਿ ਕਸ਼ਮੀਰ ਫਾਈਲਜ਼' ਅਤੇ 'ਕਾਰਤਿਕੇਯ 2' ਦੋਵੇਂ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀਆਂ ਹਨ। ਇਸ ਸਮੇਂ ਬਾਲੀਵੁੱਡ ਦੀ ਬਜਾਏ ਸਾਊਥ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਧਮਾਲ ਮਚਾ ਰਹੀਆਂ ਹਨ। ਜਿਸ ਕਾਰਨ ਦੋਵਾਂ ਉਦਯੋਗਾਂ ਨੂੰ ਲੈ ਕੇ ਲੋਕਾਂ ਵਿੱਚ ਬਹਿਸ ਛਿੜ ਗਈ ਹੈ। ਇਸ ਮੁੱਦੇ 'ਤੇ ਕਈ ਮਸ਼ਹੂਰ ਹਸਤੀਆਂ ਨੇ ਆਪਣੀ ਰਾਏ ਦਿੱਤੀ ਹੈ। ਹੁਣ ਇਸ ਲਿਸਟ 'ਚ ਦਿੱਗਜ ਅਦਾਕਾਰ ਅਨੁਪਮ ਖੇਰ ਵੀ ਸ਼ਾਮਲ ਹੋ ਗਏ ਹਨ। ਅਨੁਪਮ ਖੇਰ ਨੇ ਕਿਹਾ ਹੈ ਕਿ ਦੱਖਣੀ ਸਿਨੇਮਾ ਕਹਾਣੀ ਤੇ ਕੰਟੈਂਟ ਤੇ ਫ਼ੋਕਸ (ਧਿਆਨ ਕੇਂਦਰਿਤ ਰੱਖਣਾ) ਕਰਦਾ ਹੈ, ਜਦਕਿ ਬਾਲੀਵੁੱਡ ਸਿਤਾਰਿਆਂ ਤੇ ਗਲੈਮਰ ਵੱਲ ਫ਼ੋਕਸ ਰੱਖਦਾ ਹੈ। ਇਸ ਦੇ ਨਾਲ ਨਾਲ ਖੇਰ ਨੇ ਇਹ ਵੀ ਕਿਹਾ ਕਿ ਸਾਊਥ ਸਿਨੇਮਾ ਕਹਾਣੀ ਬਣਾਉਂਦਾ ਹੈ। ਬਾਲੀਵੁੱਡ ਦਾ ਧਿਆਨ ਨਕਲ ਕਰਨ `ਚ ਰਹਿੰਦਾ ਹੈ।


ਖੇਰ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਬਾਲੀਵੁੱਡ `ਚ ਕੁੱਝ ਵੀ ਨਵਾਂ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਹਰ ਫ਼ਿਲਮ ਜਾਂ ਤਾਂ ਹਾਲੀਵੁੱਡ ਰੀਮੇਕ ਹੈ ਜਾਂ ਫ਼ਿਰ ਸਾਊਥ ਫ਼ਿਲਮ ਦੀ ਰੀਮੇਕ ਹੈ। ਨਕਲ ਦੇਖਣ ਤੋਂ ਚੰਗਾ ਜਨਤਾ ਅਸਲੀ ਕੰਟੈਂਟ ਦੇਖਣਾ ਪਸੰਦ ਕਰਦੀ ਹੈ।


ਅਨੁਪਮ ਖੇਰ ਨੂੰ ਹਾਲ ਹੀ 'ਚ ਫਿਲਮ ਕਾਰਤੀਕੇਯ 2 'ਚ ਦੇਖਿਆ ਗਿਆ ਸੀ। ਇਸ ਤੇਲਗੂ ਫਿਲਮ ਨੇ ਬਾਕਸ ਆਫਿਸ 'ਤੇ ਆਮਿਰ ਖਾਨ ਦੀ ਲਾਲ ਸਿੰਘ ਚੱਢਾ ਅਤੇ ਤਾਪਸੀ ਪੰਨੂ ਦੀ ਦੋਬਾਰਾ ਨੂੰ ਪਿੱਛੇ ਛੱਡ ਦਿੱਤਾ ਹੈ। ਨਿਖਿਲ ਸਿਧਾਰਥ ਕਾਰਤੀਕੇਯ 2 ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ। ਅਨੁਪਮ ਖੇਰ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਦੱਖਣ ਭਾਰਤੀ ਫਿਲਮਾਂ ਦੀ ਜੰਮ ਕੇ ਤਾਰੀਫ ਕੀਤੀ ਹੈ।


ਅਸੀਂ ਬਾਲੀਵੁੱਡ ਵਿੱਚ ਸਿਤਾਰੇ ਵੇਚ ਰਹੇ ਹਾਂ: ਖੇਰ
ETimes ਨੂੰ ਦਿੱਤੇ ਇੰਟਰਵਿਊ 'ਚ ਨਿਖਿਲ ਨੇ ਕਿਹਾ ਕਿ ਸਾਨੂੰ ਦਰਸ਼ਕਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮੁਤਾਬਕ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਇਸ 'ਤੇ ਅਨੁਪਮ ਖੇਰ ਨੇ ਕਿਹਾ- 'ਤੁਸੀਂ ਦਰਸ਼ਕਾਂ ਲਈ ਫ਼ਿਲਮਾਂ ਬਣਾਉਂਦੇ ਹੋ। ਤੁਸੀਂ ਦਰਸ਼ਕਾਂ ਦੇ ਮਨੋਰੰਜਨ ਲਈ ਫ਼ਿਲਮਾਂ ਬਣਾਉਂਦੇ ਹੋ। ਤੁਸੀਂ ਜਨਤਾ ਨੂੰ ਤੁੱਛ ਨਹੀਂ ਜਾਣ ਸਕਦੇ। ਕਿਉਂਕਿ ਅਸੀਂ ਫ਼ਿਲਮਾਂ ਬਣਾ ਕੇ ਜਨਤਾ ਤੇ ਅਹਿਸਾਨ ਨਹੀਂ ਕਰ ਰਹੇ। ਜਦੋਂ ਤੁਸੀਂ ਦਰਸ਼ਕਾਂ ਨੂੰ ਨੀਵਾਂ ਦੇਖਦੇ ਹੋ ਅਤੇ ਸੋਚਦੇ ਹੋ ਕਿ ਤੁਸੀਂ ਇੱਕ ਚੰਗੀ ਫਿਲਮ ਬਣਾ ਕੇ ਉਨ੍ਹਾਂ ਤੇ ਅਹਿਸਾਨ ਕਰ ਰਹੇ ਹੋ, ਉਦੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ। ਤੁਸੀਂ ਇਸ ਸਮੇਂ ਇੱਕ ਚੰਗੀ ਫ਼ਿਲਮ ਦੇਖ ਰਹੇ ਹੋ। ਇੱਕ ਚੰਗੀ ਫ਼ਿਲਮ ਟੀਮ `ਚ ਸ਼ਾਮਲ ਹਰ ਇਨਸਾਨ ਦੀ ਕੋਸ਼ਿਸ਼ ਨਾਲ ਚੰਗੀ ਬਣਦੀ ਹੈ, ਨਾ ਕਿ ਸਿਤਾਰਿਆਂ ਤੇ ਉਨ੍ਹਾਂ ਦੇ ਗਲੈਮਰ ਨਾਲ। ਇਹ ਮੈਂ ਤੇਲਗੂ ਫਿਲਮਾਂ ਤੋਂ ਸਿੱਖਿਆ ਹੈ। ਮੈਂ ਇੱਕ ਹੋਰ ਤੇਲਗੂ ਫਿਲਮ ਕੀਤੀ ਹੈ। ਮੈਂ ਤਾਮਿਲ ਭਾਸ਼ਾ ਵਿੱਚ ਵੀ ਇੱਕ ਫਿਲਮ ਕੀਤੀ ਹੈ ਅਤੇ ਮਲਿਆਲਮ ਫਿਲਮਾਂ ਵੀ ਕਰਨ ਜਾ ਰਿਹਾ ਹਾਂ।


ਅਨੁਪਮ ਖੇਰ ਨੇ ਅੱਗੇ ਕਿਹਾ- 'ਮੈਂ ਦੋਹਾਂ 'ਚ ਕੋਈ ਫਰਕ ਨਹੀਂ ਕਰ ਰਿਹਾ, ਪਰ ਮੈਨੂੰ ਲੱਗਦਾ ਹੈ ਕਿ ਸਾਊਥ ਸਿਨੇਮਾ ਬਾਲੀਵੁੱਡ ਤੇ ਸਿਰਫ਼ ਇਸ ਲਈ ਭਾਰੀ ਪੈ ਰਿਹਾ ਹੈ, ਕਿਉਂਕਿ ਉਹ ਹਾਲੀਵੁੱਡ ਦੀ ਨਕਲ ਨਹੀਂ ਕਰ ਰਿਹਾ ਹੈ। ਉਨ੍ਹਾਂ ਕੋਲ ਕਹਾਣੀ ਹੈ, ਕੰਟੈਂਟ ਹੈ। ਉਹ ਗਲੈਮਰ ਜਾਂ ਸੋਹਣੇਪਣ ਪਿੱਛੇ ਨਹੀਂ ਭੱਜਦੇ। ਉਹ ਟੈਲੇਂਟ ਤੇ ਕੰਟੈਂਟ ਦੀ ਕਦਰ ਕਰਦੇ ਹਨ। ਬਾਲੀਵੁੱਡ ਇੰਡਸਟਰੀ ਦੇ ਪਿੱਛੇ ਰਹਿਣ ਦਾ ਕਾਰਨ ਇਹੀ ਹੈ ਕਿ ਇੱਥੇ ਗਲੈਮਰ ਵਿਕ ਰਿਹਾ ਹੈ। ਸਿਤਾਰੇ ਵਿਕ ਰਹੇ ਹਨ। ਪਰ ਕੋਈ ਕੰਟੈਂਟ ਵੱਲ ਧਿਆਨ ਨਹੀਂ ਦੇ ਰਿਹਾ ਹੈ।