ਔਸਟਿਨ: ਪ੍ਰਸਿੱਧ ਗਾਇਕ ਤੇ ਅਦਾਕਾਰਾ ਬੀਟ ਮਿਡਲਰ ‘ਸੈਕਸ ਹੜਤਾਲ’ ਦਾ ਸੱਦਾ ਦਿੱਤਾ ਹੈ। ਇਹ ਸੱਦਾ ਉਨ੍ਹਾਂ ਟੈਕਸਾਸ ਦੇ ਬੇਹੱਦ ਪਾਬੰਦੀਸ਼ੁਦਾ ਨਵੇਂ ਅਬੌਰਸ਼ਨ ਲਾਅ (ਗਰਭਪਾਤ ਕਾਨੂੰਨ) ਦੇ ਵਿਰੋਧ ‘ਚ ਦਿੱਤਾ ਹੈ। ਇਸ ਕਾਨੂੰਨ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਔਰਤਾਂ ਨੂੰ ਬੱਚਾ ਪੈਦਾ ਕਰਨ ਤੇ ਗਰਭਪਾਤ ਕਰਵਾਉਣ ਦੇ ਮੁਕੰਮਲ ਅਧਿਕਾਰ ਨਹੀਂ ਦਿੱਤੇ ਜਾਂਦੇ, ਤਦ ਤੱਕ ਇਹ ਹੜਤਾਲ ਜਾਰੀ ਰਹੇਗੀ।



 
ਮਿਡਲਰ ਨੇ ਪਾਬੰਦੀਸ਼ੁਦਾ ਨਵੇਂ ਕਾਨੂੰਨ ਦੀ ਆਲੋਚਨਾ ਕਰਨ ਲਈ ਟਵਿੱਟਰ 'ਤੇ ਟਿੱਪਣੀਆਂ ਕੀਤੀਆਂ ਹਨ। ਦਰਅਸਲ ਗਰਭ ’ਚ ਭਰੂਣ ਦੇ ਦਿਲ ਦੀ ਧੜਕਣ ਦਾ ਪਤਾ ਲੱਗਣ ਤੋਂ ਬਾਅਦ ਹਰ ਤਰ੍ਹਾਂ ਦੇ ਗਰਭਪਾਤ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਗਰਭ ਅਵਸਥਾ ਦੇ ਸਿਰਫ ਛੇ ਹਫ਼ਤਿਆਂ ਬਾਅਦ ਪ੍ਰਕਿਰਿਆ ਨੂੰ ਸਖ਼ਤੀ ਨਾਲ ਰੋਕਣ ਦਾ ਵਿਰੋਧ ਹੋ ਰਿਹਾ ਹੈ, ਜਦੋਂ ਬਹੁਤ ਸਾਰੀਆਂ ਔਰਤਾਂ ਨੂੰ ਹਾਲੇ ਪਤਾ ਵੀ ਨਹੀਂ ਹੁੰਦਾ ਕਿ ਉਹ ਗਰਭਵਤੀ ਹਨ।

 

ਮਿਡਲਰ ਨੇ ਵੀਰਵਾਰ ਨੂੰ ਲਿਖਿਆ, “ਮੈਂ ਸੁਝਾਅ ਦਿੰਦੀ ਹਾਂ ਕਿ ਸਾਰੀਆਂ ਔਰਤਾਂ ਉਦੋਂ ਤੱਕ ਪੁਰਸ਼ਾਂ ਨਾਲ ਸੈਕਸ ਕਰਨ ਤੋਂ ਇਨਕਾਰ ਕਰ ਦੇਣ ਜਦੋਂ ਤੱਕ ਉਨ੍ਹਾਂ ਨੂੰ ਸੰਸਦ ਵੱਲੋਂ ਉਨ੍ਹਾਂ ਨੂੰ ਪੂਰੇ ਅਧਿਕਾਰ ਨਹੀਂ ਦਿੱਤੇ ਜਾਂਦੇ।”

 

ਟੈਕਸਾਸ ਦੇ ਰੀਪਬਲਿਕਨ ਗਵਰਨਰ ਗ੍ਰੇਗ ਐਬਟ ਨੇ ਬੀਤੇ ਮਈ ਮਹੀਨੇ ਦੌਰਾਨ ਹੀ ਇਸ ਕਾਨੂੰਨ ਉੱਤੇ ਹਸਤਾਖਰ ਕਰ ਦਿੱਤੇ ਸਨ। ਉਸ ਤੋਂ ਬਾਅਦ ਹੀ ਟੈਕਸਾਸ ਵਿੱਚ ਹਰ ਤਰ੍ਹਾਂ ਦੇ ਭਰੂਣ ਦੇ ਗਰਭਪਾਤ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ; ਬਸ਼ਰਤੇ ਭਰੂਣ ਦਾ ਦਿਲ ਧੜਕਣ ਲੱਗ ਪਿਆ ਹੋਵੇ। ਇਸ ਮਾਮਲੇ ’ਚ ਟੇਕਸਾਸ ਹੁਣ ਅਮਰੀਕਾ ਦਾ ਸਭ ਤੋਂ ਵੱਧ ਪਾਬੰਦੀਸ਼ੁਦਾ ਰਾਜ ਬਣ ਗਿਆ ਹੈ। ਬੀਤੇ ਮਈ ਮਹੀਲੇ ਤੋਂ ਹੀ ਇਸ ਕਾਨੂੰਨ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ।

 

ਔਰਤਾਂ ਦਾ ਕਹਿਣਾ ਹੈ ਕਿ ਛੇ ਹਫ਼ਤਿਆਂ ਦੇ ਭਰੂਣ ਦੀ ਮੌਜੂਦਗੀ ਬਾਰੇ ਤਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ ਪਰ ਤਦ ਉਸ ਦਾ ਦਿਲ ਧੜਕਣ ਲੱਗ ਪੈਂਦਾ ਹੈ। ਪਰ ਫਿਰ ਉਹ ਕੁਝ ਵੀ ਨਹੀਂ ਕਰ ਸਕਣਗੀਆਂ। ਇਹ ਸਖ਼ਤ ਕਾਨੂੰਨ ਅਜਿਹੇ ਮਾਮਲਿਆਂ ’ਚ ਵੀ ਲਾਗੂ ਹੋਵੇਗਾ, ਜੇ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਹੈ।

 

ਸੈਂਟਰ ਫਾਰ ਰੀਪ੍ਰੋਡਕਟਿਵ ਰਾਈਟਸ ਅਨੁਸਾਰ, ਟੈਕਸਾਸ ਵਿੱਚ ਗਰਭਪਾਤ ਕਰਵਾਉਣ ਵਾਲੇ ਲਗਭਗ 85-90 ਪ੍ਰਤੀਸ਼ਤ ਔਰਤਾਂ ਆਪਣੀ ਗਰਭ ਅਵਸਥਾ ਦੇ ਘੱਟੋ ਘੱਟ ਛੇ ਹਫ਼ਤਿਆਂ ਵਿੱਚ ਹੀ ਹਨ। ਅਜਿਹੀਆਂ ਔਰਤਾਂ ਨੂੰ ਹੁਣ ਮਜਬੂਰਨ ਹੋਰਨਾਂ ਰਾਜਾਂ ਵਿੱਚ ਜਾ ਕੇ ਗਰਭਪਾਤ ਕਰਵਾਉਣਾ ਹੋਵੇਗਾ।  ਅਜਿਹੀ ਹਾਲਤ ਵਿੱਚ ਉਨ੍ਹਾਂ ਲਈ ਯਾਤਰਾ ਕਰਨੀ ਵੀ ਠੀਕ ਨਹੀਂ ਹੋਵੇਗੀ ਪਰ ਇਹ ਕਰਨੀ ਜ਼ਰੂਰ ਪਵੇਗੀ।

 

‘ਪਲੈਂਡ ਪੇਰੈਂਟਹੁੱਡ ਫ਼ੈਡਰੇਸ਼ਨ ਆੱਫ਼ ਅਮੈਰਿਕਾ’ ਦੇ ਪ੍ਰਧਾਨ ਤੇ ਸੀਈਓ ਅਲੈਕਸਿਸ ਮੈਕਗਿਲ ਜੌਨਸਨ ਨੇ ਕਿਹਾ ਕਿ ਟੈਕਸਾਸ ਦੇ ਬਹੁਤ ਸਾਰੇ ਲੋਕਾਂ ਨੂੰ ਹੁਣ ਇਸ ਕਾਨੂੰਨ ਕਾਰਣ ਪਰੇਸ਼ਾਨੀਆਂ ਆਉਣਗੀਆਂ। ਉਨ੍ਹਾਂ ਕਿਹਾ ਕਿ ਖ਼ਾਸ ਕਰ ਕੇ ਕਾਲੇ ਮੂਲ ਦੇ, ਲੈਟਿਨੋ ਤੇ ਹੋਰ ਦੇਸੀ ਲੋਕ, ਜਿਨ੍ਹਾ ਦੀ ਆਮਦਨ ਘੱਟ ਹੈ ਤੇ ਜਾ ਜਿਹੜੇ ਦਿਹਾਤੀ ਇਲਾਕਿਆਂ ਵਿੱਚ ਰਹਿੰਦੇ ਹਨ; ਉਨ੍ਹਾਂ ਦੇ ਹੁਣ ਫ਼ਾਲਤੂ ਖ਼ਰਚੇ ਹੋਣਗੇ।

 

ਨਵਾਂ ਕਾਨੁੰਨ ਕਿਸੇ ਔਰਤ ਦੀ ਗਰਭਪਾਤ ਵਿੱਚ ਮਦਦ ਵੀ ਨਹੀਂ ਕਰ ਸਕਦਾ ਤੇ ਨਾ ਹੀ ਕਿਸੇ ਔਰਤ ਨੂੰ ਗਰਭਪਾਤ ਕਰਨ ਲਈ ਪ੍ਰੇਰ ਸਕਦਾ ਹੈ। ਅਜਿਹਾ ਕਰਨਾ ਵੀ ਹੁਣ ਟੈਕਸਾਸ ’ਚ ਇੱਕ ਅਪਰਾਧ ਹੈ। ਇਸੇ ਲਈ ਇਸ ਸਖ਼ਤ ਕਾਨੂੰਨ ਦਾ ਟੈਕਸਾਸ ਵਿੱਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਸਮਾਜ ਭਲਾਈ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਲੋਕਾਂ ਨੂੰ ਭ੍ਰਿਸ਼ਟਾਚਾਰ ਕਰਨ ਲਈ ਪ੍ਰੇਰ ਰਿਹਾ ਹੈ।