ਮੁੰਬਈ: ਜਿਸ ਤਰ੍ਹਾਂ ਫ਼ਿਲਮ ਪਦਮਾਵਤੀ ਕਾਰਨ ਪੁਆੜੇ ਰੋਜ਼ਾਨਾ ਵਧਦੇ ਜਾ ਰਹੇ ਹਨ, ਉਸ ਤੋਂ ਫਿਲਮ ਇੰਡਸਟ੍ਰੀ ਕਾਫੀ ਪਰੇਸ਼ਾਨ ਹੈ। ਇੱਕ ਪਾਸੇ ਫ਼ਿਲਮ ਬਣਾਉਣ ਵਾਲਿਆਂ ਦੇ ਕਰੋੜਾਂ ਰੁਪਏ ਦਾਅ 'ਤੇ ਲੱਗੇ ਹਨ, ਦੂਜੇ ਪਾਸੇ ਇਸ ਸਨਅਤ ਨਾਲ ਜੁੜੇ ਲੋਕ ਇਸ ਨੂੰ ਆਪਣੀ ਆਜ਼ਾਦੀ 'ਤੇ ਖਤਰਾ ਮੰਨ ਰਹੇ ਹਨ। ਹੁਣ ਸਾਰਿਆਂ ਨੇ ਮਿਲ ਕੇ ਐਤਵਾਰ ਨੂੰ ਬਲੈਕਆਊਟ ਦਾ ਫੈਸਲਾ ਕੀਤਾ ਹੈ।
ਇੰਡੀਅਨ ਫਿਲਮਜ਼ ਐਂਡ ਟੈਲੀਵਿਜ਼ਨ ਡਾਇਰੈਕਟਰਸ ਐਸੋਸੀਏਸ਼ਨ ਨੇ ਸਨਅਤ ਦੀ 20 ਹੋਰ ਜੱਥੇਬੰਦੀਆਂ ਨਾਲ ਮਿਲ ਕੇ ਫੈਸਲਾ ਕੀਤਾ ਹੈ ਕਿ ਉਹ 26 ਨਵੰਬਰ ਨੂੰ 15 ਮਿੰਟ ਲਈ ਲਈ ਬਲੈਕਆਊਟ ਕਰਣਗੇ।
ਆਈ.ਐਫ.ਟੀ.ਡੀ.ਏ. ਦੇ ਮੁਖੀ ਅਸ਼ੋਕ ਪੰਡਿਤ ਨੇ ਕਿਹਾ ਕਿ ਅਸੀਂ ਸੰਜੇ ਲੀਲਾ ਭੰਸਾਲੀ ਅਤੇ ਫ਼ਿਲਮ ਪਦਮਾਵਤੀ ਨੂੰ ਆਪਣਾ ਸਮਰਥਨ ਜਾਰੀ ਰੱਖਾਂਗੇ ਕਿਉਂਕਿ ਇਹ ਕ੍ਰਿਏਟਿਵ ਫ਼ਿਲਮਮੇਕਰ ਹਨ ਅਤੇ ਇਤਿਹਾਸ ਦੇ ਕਿਸੇ ਵਿਸ਼ੇ 'ਤੇ ਫਿਲਮ ਬਨਾਉਣਾ ਸੌਖਾ ਕੰਮ ਨਹੀਂ ਹੁੰਦਾ। ਇਸ ਲਈ ਐਤਵਾਰ ਨੂੰ ਅਸੀਂ 15 ਮਿੰਟ ਲਈ ਲਾਇਟਾਂ ਬੰਦ ਕਰ ਕੇ ਸਾਰੀ ਸ਼ੂਟਿੰਗ ਬੰਦ ਕਰ ਦਿਆਂਗੇ।
ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਜਿਹੇ ਵੱਡੇ ਸਿਤਾਰਿਆਂ ਵਾਲੀ ਫ਼ਿਲਮ ਪਦਮਾਵਤੀ ਦੀ ਰਿਲੀਜ਼ ਡੇਟ ਪਹਿਲਾਂ ਹੀ ਟਾਲ ਦਿੱਤੀ ਗਈ ਹੈ। ਕਰਣੀ ਸੈਨਾ ਨਾਂ ਦੀ ਇੱਕ ਜੱਥੇਬੰਦੀ ਫ਼ਿਲਮ ਦਾ ਵਿਰੋਧ ਕਰ ਰਹੀ ਹੈ।
ਦੇਸ਼ ਦੇ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਫ਼ਿਲਮ ਨੂੰ ਪਾਸ ਕਰਨ 'ਚ ਸਮਾਂ ਲੱਗੇਗਾ ਕਿਉਂਕਿ ਇਤਿਹਾਸਕਾਰਾਂ ਦੀ ਰਾਏ ਲੈਣੀ ਪਵੇਗੀ। ਭਾਰਤ ਵਿੱਚ 5 ਸੂਬੇ ਇਸ ਫ਼ਿਲਮ 'ਤੇ ਰੋਕ ਲਾ ਚੁੱਕੇ ਹਨ ਜਦਕਿ ਬੰਗਾਲ ਵੱਲੋਂ ਫ਼ਿਲਮ ਦੀ ਰਿਲੀਜ਼ ਲਈ ਸਵਾਗਤ ਕੀਤਾ ਜਾ ਰਿਹਾ ਹੈ।