ਮੁੰਬਈ : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ (Bollywood actor Salman Khan) ਨੇ ਹਾਲ ਹੀ ਵਿੱਚ ਮੁੰਬਈ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਖਬਰ ਸਾਹਮਣੇ ਆਈ ਕਿ ਸਲਮਾਨ ਖਾਨ ਨੇ ਹਥਿਆਰਾਂ ਦੇ ਲਾਇਸੈਂਸ ਲਈ ਅਪਲਾਈ ਕੀਤਾ ਹੈ। ਇਸ ਨਾਲ ਹੀ ਹੁਣ ਸੰਘਰਸ਼ ਨਾਮ ਦੀ ਇੱਕ ਸੰਸਥਾ ਨੇ ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਸੰਗਠਨ ਨੇ ਸਲਮਾਨ ਖਾਨ ਨੂੰ ਅਸਲਾ ਲਾਇਸੈਂਸ (Firearm license) ਨਾ ਦੇਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਲਮਾਨ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਹਿੱਟ ਐਂਡ ਰਨ ਕੇਸ ਤੋਂ ਲੈ ਕੇ ਪੱਤਰਕਾਰ ਨਾਲ ਬਦਸਲੂਕੀ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸਲਮਾਨ ਨੇ ਮੁੰਬਈ ਪੁਲਸ ਨੂੰ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਹੈ।
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਸ਼ੁੱਕਰਵਾਰ ਨੂੰ ਦੱਖਣੀ ਮੁੰਬਈ ਸਥਿਤ ਉਨ੍ਹਾਂ ਦੇ ਦਫਤਰ 'ਚ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨਾਲ ਮੁਲਾਕਾਤ ਕੀਤੀ। ਪੁਲਿਸ ਸੂਤਰਾਂ ਅਨੁਸਾਰ ਅਦਾਕਾਰ ਨੇ ਹਥਿਆਰ ਦੇ ਲਾਇਸੈਂਸ ਲਈ ਅਰਜ਼ੀ ਦਿੱਤੀ ਹੈ। ਹਾਲਾਂਕਿ ਸਲਮਾਨ ਖਾਨ ਨੇ ਕਿਹਾ ਕਿ ਪੁਲਸ ਕਮਿਸ਼ਨਰ ਉਨ੍ਹਾਂ ਦੇ ਪੁਰਾਣੇ ਦੋਸਤ ਹਨ ਅਤੇ ਉਹ ਉਨ੍ਹਾਂ ਨੂੰ ਵਧਾਈ ਦੇਣ ਗਏ ਸਨ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਖਾਨ ਨੂੰ ਪਿਛਲੇ ਮਹੀਨੇ ਧਮਕੀ ਭਰਿਆ ਪੱਤਰ ਮਿਲਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਅਭਿਨੇਤਾ ਸਲਮਾਨ ਖਾਨ ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਮੁੰਬਈ ਪੁਲਸ ਹੈੱਡਕੁਆਰਟਰ ਪਹੁੰਚੇ ਅਤੇ ਫਾਂਸਲਕਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸਿਰਫ਼ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ। ਨਾਲ ਹੀ, ਖਾਨ ਨੇ ਸੰਯੁਕਤ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਵਿਸ਼ਵਾਸ ਨਾਗਰੇ ਪਾਟਿਲ ਨਾਲ ਮੁਲਾਕਾਤ ਕੀਤੀ।
ਬੀਤੇ ਮਹੀਨੇ, ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਨੂੰ ਇੱਕ ਪੱਤਰ ਮਿਲਿਆ ਸੀ, ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਦੋਵਾਂ ਦਾ ਉਹੀ ਹਾਲ ਹੋਵੇਗਾ ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਨਾਲ ਹੋਇਆ ਹੈ। ਮੂਸੇਵਾਲਾ ਦੀ ਮਈ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਚਿੱਠੀ ਮਿਲਣ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਕੁਝ ਦਿਨ ਪਹਿਲਾਂ, ਕਾਲਾ ਹਿਰਨ ਸ਼ਿਕਾਰ ਮਾਮਲੇ ਵਿੱਚ ਅਭਿਨੇਤਾ ਸਲਮਾਨ ਖਾਨ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸ (ਵਕੀਲ) ਨੂੰ ਲਾਰੇਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਪੁਲਿਸ ਨੇ ਹਸਤੀਮਲ ਸਾਰਸਵਤ ਨੂੰ ਮਿਲੀ ਧਮਕੀ ਭਰੀ ਚਿੱਠੀ ਦੀ ਸੱਚਾਈ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਦੀ ਸੁਰੱਖਿਆ ਲਈ ਇੱਕ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤਾ ਹੈ।