ਨਵੀਂ ਦਿੱਲੀ: ਜਿੱਥੇ ਇੱਕ ਪਾਸੇ 'ਪਦਮਾਵਤੀ' ਨੂੰ ਲੈ ਕੇ ਮੁਲਕ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਫਿਲਮ ਜਗਤ ਦੇ ਕਈ ਸ਼ਖਸ ਇਸ ਦੇ ਹੱਕ 'ਚ ਵੀ ਸਾਹਮਣੇ ਆ ਰਹੇ ਹਨ। ਅਦਾਕਾਰਾ ਨੰਦਿਤਾ ਦਾਸ ਨੇ ਕਿਹਾ ਹੈ ਕਿ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' 'ਤੇ ਪਾਬੰਦੀ ਦੀ ਮੰਗ ਬੱਸ ਇਸੇ ਗੱਲ ਨੂੰ ਸਾਬਤ ਕਰਦੀ ਹੈ ਕਿ ਕਲਾ ਬੇਹੱਦ ਤਾਕਤਵਰ ਹੁੰਦੀ ਹੈ।


ਉਨ੍ਹਾਂ ਕਿਹਾ ਕਿ ਕਿਸੇ ਵੀ ਕਲਾਕਾਰ ਦੀ ਆਜ਼ਾਦੀ ਨੂੰ ਦੱਬਣਾ ਇਹ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਕਲਾ ਕਿਸੇ ਖਾਸ ਕਿਸਮ ਦੀ ਸੋਚ ਨੂੰ ਚੁਣੌਤੀ ਦੇ ਰਹੀ ਹੈ। ਇੱਕ ਪ੍ਰੋਗਰਾਮ ਦੌਰਾਨ ਨੰਦਿਤਾ ਦਾਸ ਨੇ ਕਿਹਾ, "ਕਲਾ ਕੋਈ ਕ੍ਰਾਂਤੀ ਨਹੀਂ ਕਰਦੀ, ਪਰ ਉਹ ਚੰਗੀ ਹੋਵੇ ਜਾਂ ਮਾੜੀ ਸਾਡੇ ਸਬ ਕੌਂਸ਼ੀਅਸ ਮਾਇੰਡ 'ਚ ਵੱਸ ਜਾਂਦੀ ਹੈ।"

ਉਨ੍ਹਾਂ ਕਿਹਾ ਕਿ ਲੋਕ 'ਪਦਮਾਵਤੀ' 'ਤੇ ਪਾਬੰਦੀ ਲਾਉਣਾ ਚਾਹੁੰਦੇ ਹਨ ਤਾਂ ਫਿਰ ਕਲਾ ਦੀ ਤਾਕਤ ਦਾ ਅਹਿਸਾਸ ਹੁੰਦਾ ਹੈ। ਜਦ ਤੱਕ ਅਸੀਂ ਚੀਜ਼ਾਂ ਨੂੰ ਵੱਖ-ਵੱਖ ਨਜ਼ਰੀਏ ਤੋਂ ਨਹੀਂ ਵੇਖਦੇ ਆਪਣੀ ਪਸੰਦ ਨੂੰ ਚੰਗਾ ਨਹੀਂ ਬਣਾ ਸਕਦੇ। ਜ਼ਿਕਰਯੋਗ ਹੈ ਕਿ ਨੰਦਿਤਾ ਦਾਸ ਦੀ ਅਗਲੀ ਫਿਲਮ 'ਮੰਟੋ' ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਜੋ ਉਰਦੂ ਲਿਖਾਰੀ ਸਆਦਤ ਹਸਨ ਮੰਟੋ 'ਤੇ ਅਧਾਰਤ ਹੈ।